ਅਮਰੀਕਾ 'ਚ ਪੱਕੇ ਹੋਣਾ ਹੋਇਆ ਔਖਾ, ਦੇਣੀ ਪਵੇਗੀ ਇੰਨੀ ਵਧ ਫੀਸ

11/15/2019 9:19:22 PM

ਵਾਸ਼ਿੰਗਟਨ/ਨਵੀਂ ਦਿੱਲੀ - ਅਮਰੀਕਾ ਦੀ ਨਾਗਰਿਕਤਾ ਪਾਉਣਾ ਹੁਣ ਹੋਰ ਵੀ ਮਹਿੰਗਾ ਹੋ ਜਾਵੇਗਾ। ਟਰੰਪ ਪ੍ਰਸ਼ਾਸਨ ਨੇ ਨਾਗਰਿਕਤਾ ਫੀਸ 'ਚ 83 ਫੀਸਦੀ ਦੇ ਭਾਰੀ ਵਾਧੇ ਦਾ ਪ੍ਰਸਤਾਵ ਰਖਿਆ ਹੈ। ਪ੍ਰਸ਼ਾਸਨ ਦੀ ਦਲੀਲ ਹੈ ਕਿ ਨਾਗਰਿਕਤਾ ਸਬੰਧੀ ਸੇਵਾਵਾਂ ਮੁਹੱਈਆ ਕਰਾਉਣ ਦੀ ਪੂਰੀ ਲਾਗਤ ਮੌਜੂਦਾ ਫੀਸ ਤੋਂ ਵਸੂਲ ਨਹੀਂ ਹੁੰਦੀ। ਟਰੰਪ ਪ੍ਰਸ਼ਾਸਨ ਨੇ ਪਿਛਲੇ ਹਫਤੇ ਐੱਚ-1ਬੀ ਵੀਜ਼ਾ ਦੀ ਐਪਲੀਕੇਸ਼ਨ ਫੀਸ 'ਚ ਵੀ 10 ਡਾਲਰ  (ਕਰੀਬ 700 ਰੁਪਏ) ਦਾ ਵਾਧਾ ਕੀਤਾ ਸੀ। ਇਹ ਵੀਜ਼ਾ ਭਾਰਤੀ ਆਈ. ਟੀ. ਪੇਸ਼ੇਵਰਾਂ 'ਚ ਖਾਸਾ ਪ੍ਰਸਿੱਧ ਹੈ। ਇਸ ਵਿਚਾਲੇ ਗ੍ਰੀਨ ਕਾਰਡ ਦੇ ਇੰਤਜ਼ਾਰ 'ਚ ਇਕ ਹੋਰ ਭਾਰਤੀ ਦੀ ਮੌਤ ਹੋ ਗਈ ਹੈ।

ਸਥਾਈ ਨਿਵਾਸ ਸ਼ੁਲਕ 'ਚ 79 ਫੀਸਦੀ ਦਾ ਵਾਧਾ
ਸ਼ਿੰਹੂਆ ਨਿਊਜ਼ ਏਜੰਸੀ ਨੇ ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ (ਡੀ. ਐੱਚ. ਐੱਸ.) ਦੇ ਹਵਾਲੇ ਤੋਂ ਖਬਰ ਦਿੱਤੀ ਹੈ ਕਿ ਡੀ. ਐੱਚ. ਐੱਸ. ਨੇ ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਜ (ਯੂ. ਐੱਸ. ਸੀ. ਆਈ. ਐੱਸ.) ਵੱਲੋਂ ਲਾਏ ਜਾਣ ਵਾਲੇ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਫਾਇਦਿਆਂ ਦੀ ਐਪਲੀਕੇਸ਼ਨ ਫੀਸ ਨੂੰ ਵਧਾਉਣ ਦਾ ਪ੍ਰਸਤਾਵ ਰਖਿਆ। ਏ. ਬੀ. ਸੀ. ਨਿਊਜ਼ ਮੁਤਾਬਕ, ਨਾਗਰਿਕਤਾ ਐਪਲੀਕੇਸ਼ਨ ਫੀਸ ਹੁਣ 640 ਡਾਲਰ (ਕਰੀਬ 46 ਹਜ਼ਾਰ ਰੁਪਏ) ਤੋਂ ਵਧ ਕੇ 1170 ਡਾਲਰ (ਕਰੀਬ 84 ਹਜ਼ਾਰ ਰੁਪਏ) ਹੋ ਜਾਵੇਗੀ, ਜਦਕਿ ਕਾਨੂੰਨੀ ਸਥਾਈ ਨਿਵਾਸ ਸਬੰਧੀ ਫੀਸ 79 ਫੀਸਦੀ ਦੇ ਵਾਧੇ ਦੇ ਨਾਲ 2195 ਡਾਲਰ (ਕਰੀਬ 1 ਲੱਖ 57 ਹਜ਼ਾਰ ਰੁਪਏ) ਹੋ ਜਾਵੇਗੀ।

ਹੋਰਨਾਂ ਫੀਸਾਂ 'ਚ ਵੀ ਕੀਤਾ ਵਾਧੇ ਦਾ ਪ੍ਰਸਤਾਵ
ਇਸ ਤੋ ਇਲਾਵਾ ਰਫਿਊਜ਼ੀਆਂ ਵੱਲੋਂ ਕੀਤੇ ਜਾਣ ਵਾਲੇ ਇਮੀਗ੍ਰੇਸ਼ਨ ਸਬੰਧੀ ਹੋਰ ਐਪਲੀਕੇਸ਼ਨਾਂ ਦੀਆਂ ਫੀਸਾਂ 'ਚ ਵਾਧੇ ਦਾ ਪ੍ਰਸਤਾਵ ਰਖਿਆ ਗਿਆ ਹੈ। ਇਨ੍ਹਾਂ ਪ੍ਰਸਤਾਵਾਂ ਨੂੰ ਜਨਤਕ ਕਰ ਦਿੱਤਾ ਗਿਆ ਹੈ। ਇਨ੍ਹਾਂ 'ਤੇ ਅਮਰੀਕੀ ਨਾਗਰਿਕ 16 ਦਸੰਬਰ ਤੱਕ ਆਪਣੀ ਸਲਾਹ ਦੇ ਸਕਣਗੇ। ਵੀਜ਼ਾ ਮਾਮਲਿਆਂ ਨੂੰ ਦੇਖਣ ਵਾਲੀ ਏਜੰਸੀ ਯੂ. ਐੱਸ. ਸੀ. ਆਈ. ਐੱਸ. ਨਵੇਂ ਪ੍ਰਸਤਾਵ ਨੂੰ ਲਾਗੂ ਕਰਨ ਤੋਂ ਪਹਿਲਾਂ ਲੋਕਾਂ ਤੋਂ ਮਿਲਣ ਵਾਲੇ ਸੁਝਾਂਵਾਂ 'ਤੇ ਵਿਚਾਰ ਕਰੇਗੀ।

Khushdeep Jassi

This news is Content Editor Khushdeep Jassi