ਅਨੰਤਨਾਗ ਮੁਕਾਬਲੇ ’ਚ 2 ਅੱਤਵਾਦੀ ਢੇਰ, ਸ਼ੋਪੀਆਂ ’ਚ ਲਸ਼ਕਰ ਦੇ 2 ਅੱਤਵਾਦੀ ਗ੍ਰਿਫਤਾਰ

09/08/2022 11:12:13 AM

ਅਨੰਤਨਾਗ/ਸ਼ੋਪੀਆਂ (ਭਾਸ਼ਾ)– ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਬਿਜਬੇਹਾੜਾ ਇਲਾਕੇ ’ਚ ਇਕ ਸੰਖੇਪ ਮੁਕਾਬਲੇ ’ਚ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਮਾਰੇ ਗਏ ਅੱਤਵਾਦੀ ਅੰਸਾਰ ਗਜ਼ਵਤ-ਉਲ-ਹਿੰਦ ਅੱਤਵਾਦੀ ਸੰਗਠਨ ਨਾਲ ਜੁੜੇ ਹੋਏ ਸਨ।

ਕਸ਼ਮੀਰ ਪੁਲਸ ਜ਼ੋਨ ਨੇ ਇਕ ਟਵੀਟ ’ਚ ਕਿਹਾ ਕਿ ਅਨੰਤਨਾਗ ਦੇ ਬਿਜਬੇਹਾੜਾ ਖੇਤਰ ਦੇ ਥਜੀਵਾੜਾ ’ਚ ਸੁਰੱਖਿਆ ਬਲਾਂ ਨੇ ਇਕ ਸੰਖੇਪ ਮੁਕਾਬਲੇ ’ਚ 2 ਅੱਤਵਾਦੀ ਮਾਰੇ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਜਦ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਅੱਤਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਨਾਲ ਮੁਕਾਬਲਾ ਸ਼ੁਰੂ ਹੋ ਗਿਆ। ਇਸ ਮੁਕਾਬਲੇ ’ਚ ਸੁਰੱਖਿਆ ਬਲਾਂ ਨੇ 2 ਅੱਤਵਾਦੀਆਂ ਨੂੰ ਮਾਰ ਦਿੱਤਾ। ਮਾਰੇ ਗਏ ਅੱਤਵਾਦੀਆਂ ਦੀ ਪਛਾਣ ਫਯਾਜ਼ ਕੁਮਾਰ ਤੇ ਅਵੈਸ ਖਾਨ ਵਜੋਂ ਹੋਈ ਹੈ। ਇਹ ਦੋਵੇਂ ਪੁਲਸ ’ਤੇ ਕਈ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਸਨ। ਪੁਲਸ ਅਨੁਸਾਰ ਇਹ ਦੋਵੇਂ ਪਾਦਸ਼ਾਹੀਬਾਗ ’ਚ ਹੋਏ ਗ੍ਰਨੇਡ ਹਮਲੇ ’ਚ ਵੀ ਸ਼ਾਮਲ ਸਨ। ਉੱਥੇ ਹੀ ਪੁਲਸ ਨੇ ਬੁੱਧਵਾਰ ਨੂੰ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ’ਚ ਲਸ਼ਕਰ-ਏ-ਤੋਇਬਾ ਦੇ 2 ਹਾਈਬ੍ਰਿਡ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਇਕ ਸੀਨੀ. ਪੁਲਸ ਅਧਿਕਾਰੀ ਨੇ ਦੱਸਿਆ ਕਿ ਤ੍ਰੇਂਗ ’ਚ ਨਾਕਾਬੰਦੀ ਦੌਰਾਨ ਪੁਲਸ, ਫੌਜ ਦੇ 44 ਆਰ. ਆਰ. ਤੇ ਸੀ. ਆਰ. ਪੀ. ਐੱਫ. ਦੀ 178 ਬਟਾਲੀਅਨ ਦੇ ਸਾਂਝੇ ਦਲ ਵੱਲੋਂ ਦੋਵਾਂ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੀ ਪਛਾਣ ਬੁਦਾਨ ਰਫੀ ਯਾਦਾਬ ਦੇ ਫੈਜ਼ਾਨ ਫਯਾਜ਼ ਭੱਟ ਪੁੱਤਰ ਫੈਜ਼ਾਨ ਫਯਾਜ਼ ਅਹਿਮਦ ਭੱਟ ਤੇ ਕੋਂਸੋ ਸ਼ੋਪੀਆ ਦੇ ਯਾਵਰ ਨਿਜ਼ਾਮ ਮੀਰ ਪੁੱਤਰ ਨਿਜ਼ਾਮੂਦੀਨ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਕਬਜ਼ੇ ’ਚੋਂ 2 ਪਿਸਤੌਲ ਸਮੇਤ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।

Rakesh

This news is Content Editor Rakesh