ਉਤਰਾਖੰਡ ਦੀ ਇਕ ਬਜ਼ੁਰਗ ਔਰਤ ਨੇ ਆਪਣੀ ਪੂਰੀ ਜਾਇਦਾਦ ਰਾਹੁਲ ਗਾਂਧੀ ਦੇ ਕੀਤੀ ਨਾਮ

04/04/2022 5:34:22 PM

ਦੇਹਰਾਦੂਨ (ਭਾਸ਼ਾ)- ਉਤਰਾਖੰਡ 'ਚ ਦੇਹਰਾਦੂਨ ਵਾਸੀ ਇਕ ਬਜ਼ੁਰਗ ਔਰਤ ਨੇ ਸੋਮਵਾਰ ਨੂੰ ਆਪਣੀ ਸਾਰੀ ਜਾਇਦਾਦ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਨਾਮ ਕਰਦੇ ਹੋਏ ਇੱਥੋਂ ਦੀ ਇਕ ਅਦਾਲਤ 'ਚ ਵਸੀਅਤਨਾਮਾ ਪੇਸ਼ ਕੀਤਾ। ਵਸੀਅਤਨਾਮਾ 'ਚ ਆਪਣੀ ਜਾਇਦਾਦ ਦਾ ਪੂਰਾ ਵੇਰਵਾ ਦਿੰਦੇ ਹੋਏ 80 ਸਾਲਾ ਪੁਸ਼ਪਾ ਮੁਨਜਿਆਲ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਉਸ ਤੋਂ ਬਾਅਦ ਪੂਰੀ ਜਾਇਦਾਦ ਦਾ ਮਾਲਿਕਾਨਾ ਹੱਕ ਰਾਹੁਲ ਗਾਂਧੀ ਨੂੰ ਸੌਂਪ ਦਿੱਤਾ ਜਾਵੇ। ਦੇਹਰਾਦੂਨ ਮਹਾਨਗਰ ਕਾਂਗਰਸ ਪ੍ਰਧਾਨ ਲਾਲਚੰਦ ਸ਼ਰਮਾ ਨੇ ਦੱਸਿਆ ਕਿ ਬਾਅਦ 'ਚ ਮੁਨਜਿਆਲ ਨੇ ਜਾਇਦਾਦ ਦਾ ਵਸੀਅਤਨਾਮਾ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰੀਤਮ ਸਿੰਘ ਨੂੰ ਉਨ੍ਹਾਂ ਦੇ ਯਮੁਨਾ ਕਾਲੋਨੀ ਸਥਿਤ ਘਰ 'ਤੇ ਸੌਂਪ ਦਿੱਤਾ।

ਇਕ ਸਰਕਾਰੀ ਸਕੂਲ 'ਚ ਅਧਿਆਪਕਾ ਰਹੀ ਮੁਨਜਿਆਲ ਦਾ ਕਹਿਣਾ ਹੈ ਕਿ ਉਸ ਨੇ ਰਾਹੁਲ ਗਾਂਧੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਣ ਕਾਰਨ ਆਪਣੀ ਜਾਇਦਾਦ ਉਨ੍ਹਾਂ ਦੇ ਨਾਮ ਕੀਤੀ ਹੈ। ਮੁਨਜਿਆਲ ਨੇ ਕਿਹਾ ਕਿ ਗਾਂਧੀ ਪਰਿਵਾਰ ਨੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ, ਹਮੇਸ਼ਾ ਅੱਗੇ ਵਧ ਕੇ ਦੇਸ਼ ਲਈ ਆਪਣੀ ਸਰਵਉੱਚ ਕੁਰਬਾਨੀ ਦਿੱਤੀ ਹੈ। ਉਨ੍ਹਾਂ ਕਿਹਾ,''ਭਾਵੇਂ ਇੰਦਰਾ ਗਾਂਧੀ ਹੋਵੇ ਜਾਂ ਰਾਜੀਵ ਗਾਂਧੀ, ਉਨ੍ਹਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ, ਜਦੋਂ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਦੇਸ਼ ਸੇਵਾ ਲਈ ਖੁਦ ਨੂੰ ਸਮਰਪਿਤ ਕਰ ਦਿੱਤਾ ਹੈ।'' ਬਜ਼ੁਰਗ ਔਰਤ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਪਿਤਾ ਦੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਵੀ ਕਰੀਬੀ ਸੰਬੰਧ ਰਹੇ ਸਨ। ਜੀਵਨ ਭਰ ਅਵਿਆਹੁਤਾ ਰਹੀ ਮੁਨਜਿਆਲ ਫਿਲਹਾਲ ਦੇਹਰਾਦੂਨ ਦੇ ਪ੍ਰੇਮਧਾਮ ਬਿਰਧ ਆਸ਼ਰਮ 'ਚ ਰਹੀ ਹੈ।

DIsha

This news is Content Editor DIsha