ਈ.ਡੀ. ਦਾ ਵੱਖਵਾਦੀ ਨੇਤਾਵਾਂ ''ਤੇ ਸ਼ਿਕੰਜਾ, ਗਿਲਾਨੀ ''ਤੇ 14.40 ਲੱਖ ਦਾ ਜ਼ੁਰਮਾਨਾ

03/22/2019 3:14:47 PM

ਨਵੀਂ ਦਿੱਲੀ/ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾਵਾਂ 'ਤੇ ਭਾਰਤੀ ਜਾਂਚ ਏਜੰਸੀਆਂ ਦਾ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਘਾਟੀ ਦੇ ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਵਿਰੁੱਧ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਦੇ ਅਧੀਨ 14.40 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਸ ਤੋਂ ਇਲਾਵਾ ਈ.ਡੀ. ਨੇ ਵਿਦੇਸ਼ੀ ਮੁਦਰਾ 10 ਹਜ਼ਾਰ ਡਾਲਰ (ਕਰੀਬ 7 ਲੱਖ ਰੁਪਏ) ਜ਼ਬਤ ਕੀਤੇ ਹਨ। ਕੇਂਦਰੀ ਜਾਂਚ ਏਜੰਸੀ ਨੇ 87 ਸਾਲਾ ਵੱਖਵਾਦੀ ਨੇਤਾ ਨੂੰ ਫੇਮਾ ਦੇ ਵੱਖ-ਵੱਖ ਪ੍ਰਬੰਧਾਂ ਦੇ ਅਧੀਨ ਨੋਟਿਸ ਭੇਜਿਆ ਸੀ। ਇਹੀ ਨਹੀਂ ਈ.ਡੀ. ਜੇ.ਕੇ.ਐੱਫ.ਐੱਫ. ਦੇ ਸਾਬਕਾ ਚੇਅਰਮੈਨ ਯਾਸੀਨ ਮਲਿਕ ਕੋਲੋਂ ਮਿਲੀ ਗੈਰ-ਕਾਨੂੰਨੀ ਵਿਦੇਸ਼ੀ ਮੁਦਰਾ ਨੂੰ ਜ਼ਬਤ ਕਰਨ ਦੇ ਨਾਲ ਹੀ ਉਨ੍ਹਾਂ 'ਤੇ ਜ਼ੁਰਮਾਨਾ ਵੀ ਲਗਾਇਆ। ਮਲਿਕ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਜਾਰੀ ਹੈ। ਜ਼ਿਕਰਯੋਗ ਹੈ ਕਿ ਐੱਨ.ਆਈ.ਏ. ਅਤੇ ਜਾਂਚ ਏਜੰਸੀਆਂ ਘਾਟੀ 'ਚ ਟੈਰਰ ਫੰਡਿੰਗ ਦੀ ਜਾਂਚ ਕਰ ਰਹੀਆਂ ਹਨ। ਸੁਰੱਖਿਆ ਏਜੰਸੀਆਂ ਨੇ ਇਸ ਦੌਰਾਨ ਵੱਖਵਾਦੀ ਨੇਤਾਵਾਂ ਤੋਂ ਪੁੱਛ-ਗਿੱਛ ਕੀਤੀ ਹੈ।

ਹੁਰੀਅਤ ਨੇਤਾ ਹਨ ਪਾਕਿਸਤਾਨੀ ਸਮਰਥਕ
ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਵੱਖਵਾਦੀ ਨੇਤਾਵਾਂ ਵਿਰੁੱਧ ਭਾਰਤ ਸਰਕਾਰ ਨੇ ਆਪਣੇ ਤੇਵਰ ਸਖਤ ਕਰ ਲਏ ਹਨ। ਸਰਕਾਰ ਨੇ ਵੱਖਵਾਦੀ ਨੇਤਾਵਾਂ ਨੂੰ ਦਿੱਤੀ ਗਈ ਸੁਰੱਖਿਆ ਵਾਪਸ ਲੈ ਲਈ। ਸੁਰੱਖਿਆ ਹਟਾਏ ਜਾਣ ਤੋਂ ਬਾਅਦ ਵੱਖਵਾਦੀ ਨੇਤਾਵਾਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੁਰੱਖਿਆ ਦੀ ਮੰਗ ਨਹੀਂ ਕੀਤੀ ਸੀ। ਹੁਰੀਅਤ ਨੇਤਾਵਾਂ ਨੂੰ ਪਾਕਿਸਤਾਨੀ ਸਮਰਥਕ ਕਿਹਾ ਜਾਂਦਾ ਹੈ। ਇਨ੍ਹਾਂ 'ਤੇ ਦੋਸ਼ ਹਨ ਕਿ ਇਹ ਘਾਟੀ 'ਚ ਵੱਖਵਾਦੀ ਭਾਵਨਾਵਾਂ ਨੂੰ ਭੜਕਾਉਣ ਦੇ ਨਾਲ-ਨਾਲ ਸੁਰੱਖਿਆ ਫੋਰਸਾਂ 'ਤੇ ਪੱਥਰ ਸੁੱਟਣ ਲਈ ਨੌਜਵਾਨਾਂ ਨੂੰ ਪੈਸੇ ਦਿੰਦੇ ਹਨ। ਸੁਰੱਖਿਆ ਏਜੰਸੀਆਂ ਨੇ ਘਾਟੀ 'ਚ ਕਾਰਵਾਈ ਕਰਦੇ ਹੋਏ ਕੁਝ ਸਮੇਂ ਪਹਿਲਾਂ ਮੀਰਵਾਈਜ਼ ਉਮਰ ਫਾਰੁਖ ਦੇ ਘਰੋਂ ਹੌਟ ਲਾਈਨ ਬਰਾਮਦ ਕੀਤੀ। ਦੱਸਿਆ ਗਿਆ ਕਿ ਮੀਰਵਾਈਜ਼ ਇਸ ਹੌਟ ਲਾਈਨ ਦੀ ਵਰਤੋਂ ਪਾਕਿਸਤਾਨ 'ਚ ਬੈਠੇ ਆਪਣੇ ਆਕਾਵਾਂ (ਬੌਸ) ਨਾਲ ਗੱਲਬਾਤ ਕਰਨ ਲਈ ਕਰਦੇ ਸਨ।

DIsha

This news is Content Editor DIsha