ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਲੱਗੇ ਭੂਚਾਲ ਦੇ ਝਟਕੇ

02/19/2023 9:30:15 PM

ਹੈਦਰਾਬਾਦ : ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਐਤਵਾਰ ਨੂੰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 3 ਦਰਜ ਕੀਤੀ ਗਈ ਹੈ। ਭੂਚਾਲ ਕਾਰਨ ਕੋਈ ਜਾਨੀ ਜਾਂ ਹੋਰ ਨੁਕਸਾਨ ਨਹੀਂ ਹੋਇਆ ਹੈ। ਭੂਚਾਲ ਦਾ ਕੇਂਦਰ ਪੁਲੀਚਿੰਤਲਾ ਜਲ ਭੰਡਾਰ ਦੇ ਨੇੜੇ ਸੀ। ਹਾਲਾਂਕਿ ਭੂਚਾਲ ਦੌਰਾਨ ਆਂਧਰਾ ਪ੍ਰਦੇਸ਼ ਦੇ ਪਾਲਨਾਡੂ ਜ਼ਿਲ੍ਹੇ 'ਚ ਕੁਝ ਲੋਕ ਘਰਾਂ 'ਚੋਂ ਬਾਹਰ ਆ ਗਏ। ਕੁਝ ਲੋਕਾਂ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਨ ਬਾਰੇ ਵੀ ਦੱਸਿਆ। ਤੇਲੰਗਾਨਾ ਦੇ ਸੂਰਯਾਪੇਟ ਜ਼ਿਲ੍ਹੇ ਦੇ ਚਿੰਤਲਾਪਲੇਮ ਅਤੇ ਮੇਲਾਚੇਰੁਵੂ ਮੰਡਲ (ਬਲਾਕ) ਦੇ ਕਈ ਪਿੰਡਾਂ 'ਚ ਸਵੇਰੇ 7.25 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਕਰੀਬ 10 ਸੈਕਿੰਡ ਤੱਕ ਮਹਿਸੂਸ ਕੀਤੇ ਗਏ।

ਭੂਚਾਲ ਦਾ ਅਸਰ ਆਂਧਰਾ ਪ੍ਰਦੇਸ਼ ਦੇ ਪਾਲਨਾਡੂ ਜ਼ਿਲ੍ਹੇ  ਦੇ ਕੁਝ ਇਲਾਕਿਆਂ 'ਚ ਵੀ ਮਹਿਸੂਸ ਕੀਤਾ ਗਿਆ। ਆਂਧਰਾ ਪ੍ਰਦੇਸ਼ ਦੇ ਪਾਲਨਾਡੂ ਜ਼ਿਲ੍ਹੇ  'ਚ ਪੁਲੀਚਿੰਤਲਾ ਪ੍ਰੋਜੈਕਟ ਦੇ ਆਲੇ-ਦੁਆਲੇ ਦੇ ਪਿੰਡਾਂ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਚੰਪੇਟ ਮੰਡਲ ਦੇ ਮਾਡੀਪਾਡੂ, ਚਲਾਲਗਰੀਗਾ, ਗਿੰਜੂਪੱਲੀ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ। ਭੂਚਾਲ ਦੇ ਝਟਕਿਆਂ ਨਾਲ ਪ੍ਰੋਜੈਕਟ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ 'ਚ ਦਹਿਸ਼ਤ ਫੈਲ ਗਈ। ਹਾਲਾਂਕਿ, ਨੈਸ਼ਨਲ ਜੀਓਫਿਜ਼ੀਕਲ ਰਿਸਰਚ ਇੰਸਟੀਚਿਊਟ (ਐਨ.ਜੀ.ਆਰ.ਆਈ.) ਦੇ ਵਿਗਿਆਨੀਆਂ ਨੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਕੋਈ ਵੱਡਾ ਭੂਚਾਲ ਨਹੀਂ ਸੀ। ਇਸ ਖੇਤਰ ਵਿੱਚ 26 ਜਨਵਰੀ 2020 ਨੂੰ ਵੀ 4.7 ਤੀਬਰਤਾ ਦਾ ਭੂਚਾਲ ਆਇਆ ਸੀ।

ਜ਼ਿਕਰਯੋਗ ਹੈ ਕਿ ਉੱਤਰ-ਪੂਰਬੀ ਰਾਜ ਮੇਘਾਲਿਆ 'ਚ ਵੀਰਵਾਰ ਸਵੇਰੇ 3.9 ਤੀਬਰਤਾ ਦਾ ਹਲਕਾ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ, ਇਹ ਸਵੇਰੇ ਕਰੀਬ 9:30 ਵਜੇ ਰਾਜ ਵਿੱਚ ਆਇਆ। ਮੇਘਾਲਿਆ ਵਿੱਚ ਭੂਚਾਲ ਦੇ ਝਟਕੇ ਗੁਵਾਹਾਟੀ ਸਮੇਤ ਗੁਆਂਢੀ ਰਾਜ ਅਸਾਮ ਦੇ ਕੁਝ ਹਿੱਸਿਆਂ ਵਿੱਚ ਵੀ ਮਹਿਸੂਸ ਕੀਤੇ ਗਏ।

Mandeep Singh

This news is Content Editor Mandeep Singh