ਈ. ਡੀ. ਦੇ ਮੁਕੱਦਮੇ ਨੂੰ ਮੇਦਾਂਤਾ ਨੇ ਮੰਦਭਾਗਾ ਦੱਸਿਆ

06/11/2020 12:34:16 AM

ਨਵੀਂ ਦਿੱਲੀ - ਗੁਰੂਗ੍ਰਾਮ ਮੈਡੀਸਿਟੀ ਲੈਂਡ ਅਲਾਟਿਕੇਸ਼ਨ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮੇਦਾਂਤਾ ਦੇ ਡਾ. ਨਰੇਸ਼ ਤ੍ਰੇਹਨ ਸਮੇਤ 16 ਲੋਕਾਂ ਖਿਲਾਫ ਮਨੀ ਲਾਂਡ੍ਰਿੰਗ, ਭ੍ਰਿਸ਼ਟਾਚਾਰ, ਅਪਰਾਧਿਕ ਸਾਜਿਸ਼ ਅਤੇ ਧੋਖੇਬਾਜ਼ੀ ਦਾ ਮੁਕੱਦਮਾ ਦਰਜ ਕੀਤਾ ਹੈ। ਇਸ ਮਾਮਲੇ ਵਿਚ ਮੇਦਾਂਤਾ ਵੱਲੋਂ ਕਿਹਾ ਗਿਆ ਹੈ ਕਿ ਸਾਰੇ ਦੋਸ਼ ਪੂਰੀ ਤਰ੍ਹਾਂ ਗਲਤ ਹਨ ਅਤੇ ਮੰਦਭਾਗਾ ਹੈ।

ਈ. ਡੀ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੇ ਦਾਇਰੇ ਵਿਚ ਹਰਿਆਣਾ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹਨ। ਗਲੋਬਲ ਇੰਫਰਾਕੋਮ ਪ੍ਰਾਈਵੇਟ ਲਿਮਟਿਡ, ਪੁੰਜ ਲਾਇਡ, ਸੁਨੀਲ ਸਚਦੇਵਾ, ਅਨੰਤ ਜੈਨ, ਅਤੁਲ ਪੁੰਜ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਮੈਡੀਸਿਟੀ ਕੇਸ ਦੀ ਜਾਂਚ ਤੋਂ ਬਾਅਦ ਪੈਸਿਆਂ ਦੇ ਲੈਣ-ਦੇਣ ਦੇ ਬਾਰੇ ਵਿਚ ਕੋਰਟ ਨੂੰ ਜਾਣਕਾਰੀ ਦਿੱਤੀ ਗਈ ਸੀ। ਇਹੀਂ ਨਹੀਂ ਮੈਡੀਸਿਟੀ ਬਣਾਉਣ ਲਈ 53 ਏਕੜ ਜ਼ਮੀਨ ਦੀ ਅਲਾਟਮੈਂਟ ਵਿਚ ਗੜਬੜੀ ਦੀ ਗੱਲ ਵੀ ਸਾਹਮਣੇ ਆਈ ਸੀ। ਈ. ਡੀ. ਨੇ ਮਨੀ ਲਾਂਡ੍ਰਿੰਗ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਸਾਲ 2004 ਵਿਚ ਹਰਿਆਣਾ ਦੇ ਗੁਰੂਗ੍ਰਾਮ ਸੈਕਟਰ 38 ਵਿਚ ਮੇਦਾਂਤਾ ਮੈਡੀਸਿਟੀ ਪ੍ਰਾਜੈਕਟ ਦੀ ਸਥਾਪਨਾ ਕੀਤੀ ਗਈ ਸੀ। ਪ੍ਰਾਜੈਕਟ ਵਿਚ ਗੜਬੜੀਆਂ ਦੇ ਦੋਸ਼ ਦੀ ਜਾਂਚ ਕਰਦੇ ਹੋਏ ਹਰਿਆਣਾ ਪੁਲਸ 52 ਲੋਕਾਂ ਸਮੇਤ 7 ਕੰਪਨੀਆਂ ਨੂੰ ਦੋਸ਼ੀ ਬਣਾ ਚੁੱਕੀ ਹੈ। ਹੁਣ ਇਸ ਮਾਮਲੇ ਵਿਚ ਈ. ਡੀ. ਦਾ ਦੋਸ਼ ਹੈ ਕਿ ਕਰੀਬ 12 ਸ਼ੈੱਲ ਕੰਪਨੀਆਂ ਬਣਾਈਆਂ ਗਈਆਂ, ਜਿਨ੍ਹਾਂ ਦੇ ਜ਼ਰੀਏ ਮੈਡੀਸਿਟੀ ਦੀ ਥਾਂ ਨਿੱਜੀ ਕਾਰਜਾਂ 'ਤੇ ਪੈਸਾ ਖਰਚ ਕੀਤਾ ਗਿਆ। ਮੇਦਾਂਤਾ ਮੈਡੀਸਿਟੀ ਪ੍ਰਾਜੈਕਟ ਦੇ ਲਈ ਜਿੰਨੀ ਰਾਸ਼ੀ ਦਾ ਨਿਵੇਸ਼ ਕਾਨੂੰਨੀ ਤੌਰ 'ਤੇ ਦੱਸਿਆ ਗਿਆ ਸੀ ਉਹ ਗਲਤ ਪਾਇਆ ਗਿਆ। ਆਡਿਟ ਰਿਪੋਰਟ ਅਤੇ ਬੈਂਕ ਅਕਾਉਂਟ ਸਮੇਤ ਹੋਰ ਜਾਇਦਾਦਾਂ ਦੇ ਆਕਲਨ ਦਾ ਕੰਮ ਵੀ ਨਹੀਂ ਕੀਤਾ ਗਿਆ। ਇਸ ਪ੍ਰਾਜੈਕਟ ਨੂੰ ਦੇਣ ਵਿਚ ਵੀ ਗੜਬੜੀ ਕੀਤੀ ਗਈ। ਈ. ਡੀ. ਨੇ 11 ਸਵਾਲਾਂ ਦੀ ਰਿਪੋਰਟ ਵਿਚ ਇਹ ਸਾਰੀਆਂ ਗੱਲਾਂ ਲਿੱਖਦੇ ਹੋਏ ਮੁਕੱਦਮਾ ਦਰਜ ਕੀਤਾ ਹੈ।

'ਉਤਪੀੜਣ ਦੇ ਇਰਾਦੇ ਨਾਲ ਕੀਤੀ ਗਈ ਸ਼ਿਕਾਇਤ'
ਮੇਦਾਂਤਾ ਦੇ ਡਾ. ਨਰੇਸ਼ ਤ੍ਰੇਹਨ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਦੋਸ਼ ਪੂਰੀ ਤਰ੍ਹਾਂ ਨਾਲ ਗਲਤ, ਮੰਦਭਾਗਾ ਅਤੇ ਸਾਜਿਸ਼ ਦਾ ਹਿੱਸਾ ਹੈ। ਜਿਸ ਦੀ ਸ਼ਿਕਾਇਤ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ, ਉਸ ਦਾ ਇਰਾਦਾ ਉਤਪੀੜਣ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਉਸ ਨੇ ਇਸ ਸ਼ਿਕਾਇਤ ਨੂੰ ਦਰਜ ਕਰਨ ਲਈ ਸਮਾਂ ਵੀ ਅਜਿਹਾ ਚੁਣਿਆ, ਜਦ ਅਸੀਂ ਇਕ ਗਲੋਬਲ ਮਹਾਮਾਰੀ ਨਾਲ ਨਜਿੱਠ ਰਹੇ ਹਾਂ।

Khushdeep Jassi

This news is Content Editor Khushdeep Jassi