ਯਾਤਰਾ ਦੌਰਾਨ ਤੁਰੰਤ ਮਿਲੇਗੀ ਮੈਡੀਕਲ ਸਹੂਲਤ,ਰੇਲਵੇ ਨੇ ਤਿਆਰ ਕੀਤਾ ਐਕਸ਼ਨ ਪਲਾਨ

07/22/2018 12:05:50 PM

ਨਵੀਂ ਦਿੱਲੀ—ਰੇਲਵੇ ਨੇ ਸਫਰ ਦੌਰਾਨ ਐਮਰਜੈਂਸੀ ਦੀ ਸਥਿਤੀ ਵਿਚ ਯਾਤਰੀਆਂ ਨੂੰ ਤੁਰੰਤ ਮੈਡੀਕਲ ਸਹੂਲਤ ਤੇ ਦਵਾਈਆਂ ਮੁਹੱਈਆ ਕਰਵਾਉਣ ਦਾ ਐਕਸ਼ਨ ਪਲਾਨ ਤਿਆਰ ਕਰ ਲਿਆ ਹੈ। ਸਾਰੀਆਂ ਟਰੇਨਾਂ ਵਿਚ ਫਸਟ ਏਡ ਬਾਕਸ ਰੱਖੇ ਜਾ ਰਹੇ ਹਨ। ਛੇਤੀ ਹੀ ਟਰੇਨਾਂ ਵਿਚ ਆਕਸੀਜਨ ਸਿਲੰਡਰ ਵੀ ਮਿਲਣਗੇ। 
ਇਸ ਲਈ ਰੇਲਵੇ ਦੇ ਫਰੰਟ ਲਾਈਨ ਸਟਾਫ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਯਾਤਰੀ ਇਲਾਜ-ਦਵਾਈ ਦੀ ਮੰਗ ਲਈ ਟੀ. ਟੀ. ਈ.-ਕੰਡਕਟਰ ਨੂੰ ਕਹਿ ਸਕਣਗੇ। ਲੋੜਵੰਦ ਯਾਤਰੀ ਦੀ ਮਦਦ ਕਰਨਾ ਉਨ੍ਹਾਂ ਦੀ ਡਿਊਟੀ ਵਿਚ ਸ਼ਾਮਲ ਕਰ ਦਿੱਤਾ ਗਿਆ ਹੈ।
ਰੇਲਵੇ ਨੇ ਬੁੱਧਵਾਰ ਨੂੰ ਸੰਸਦ ਵਿਚ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਪਿਛਲੇ ਤਿੰਨ ਸਾਲ ਵਿਚ 1678 ਯਾਤਰੀਆਂ ਦੀ ਮੌਤ ਟਰੇਨ ਵਿਚ ਸਫਰ ਦੌਰਾਨ ਹੋਈ ਹੈ। ਟਰੇਨ ਵਿਚ ਐਮਰਜੈਂਸੀ ਸਥਿਤੀ ਹੋਣ 'ਤੇ ਯਾਤਰੀ ਨੂੰ ਮੈਡੀਕਲੀ ਸਹੂਲਤ ਮੁਹੱਈਆ ਕਰਵਾਉਣ ਲਈ ਪਿਛਲੇ ਸਾਲ ਅਕਤੂਬਰ ਵਿਚ ਸੁਪਰੀਮ ਕੋਰਟ ਨੇ ਹੁਕਮ ਵੀ ਦਿੱਤੇ ਸਨ। ਰੇਲ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੋਰਟ ਨੇ ਅਖਿਲ ਭਾਰਤੀ ਆਯੁਰ ਵਿਗਿਆਨ ਸੰਸਥਾਨ (ਏਮਜ਼) ਦੀ ਮਾਹਿਰ ਕਮੇਟੀ ਨੇ ਰੇਲਵੇ ਬੋਰਡ ਨੂੰ ਆਪਣੀਆਂ ਸਿਫਾਰਿਸ਼ਾਂ ਸੌਂਪ ਦਿੱਤੀਆਂ ਹਨ। ਬੋਰਡ ਨੇ ਕਮੇਟੀ ਦੀਆਂ ਸਾਰੀਆਂ ਸਿਫਾਰਿਸ਼ਾਂ ਮੰਨ ਲਈਆਂ ਹਨ।
ਗੰਭੀਰ ਮਰੀਜ਼ਾਂ ਦਾ ਇਲਾਜ
ਰੇਲਵੇ ਦੇ ਪ੍ਰਮੁੱਖ ਮਾਰਗਾਂ 'ਤੇ 600 ਤੋਂ ਵੱਧ ਹਸਪਤਾਲ ਤੇ ਡਿਸਪੈਂਸਰੀਆਂ ਹਨ। ਇਸ ਤਰ੍ਹਾਂ 80 ਤੋਂ 120 ਕਿਲੋਮੀਟਰ ਦੀ ਦੂਰੀ 'ਤੇ ਮਰੀਜ਼ ਨੂੰ ਇਲਾਜ ਮਿਲਣਾ ਸੰਭਵ ਹੋਵੇਗਾ। 
ਰੇਲਵੇ ਬੋਰਡ ਨੇ ਸਾਰੇ ਹਸਪਤਾਲਾਂ ਤੇ ਡਿਸਪੈਂਸਰੀਆਂ ਨੂੰ ਮੈਡੀਕਲੀ ਯੰਤਰ ਮੁਹੱਈਆ ਕਰਵਾਉਣ ਲਈ ਕਿਹਾ ਹੈ, ਜਿਸ ਨਾਲ ਗੰਭੀਰ ਮਰੀਜ਼ ਦਾ ਅਗਲੇ ਸਟੇਸ਼ਨ 'ਤੇ ਇਲਾਜ ਕੀਤਾ ਜਾ ਸਕੇ।