ਜਜ਼ਬੇ ਨੂੰ ਸਲਾਮ : ਬੋਲਣ ਅਤੇ ਸੁਣਨ ''ਚ ਅਸਮਰੱਥ ਕੁੜੀ ਆਪਣੇ ਵਰਗੇ ਬੱਚਿਆਂ ਨੂੰ ਦੇ ਰਹੀ ਹੈ ਸਿੱਖਿਆ

07/30/2021 2:05:28 PM

ਬਰਹਮਪੁਰ- ਓਡੀਸ਼ਾ ਦੇ ਗੰਜਮ ਜ਼ਿਲ੍ਹੇ 'ਚ ਬੋਲਣ ਅਤੇ ਸੁਣਨ ਤੋਂ ਅਸਮਰੱਥ 20 ਸਾਲਾ ਕੁੜੀ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਕੂਲ ਬੰਦ ਹੋਣ ਤੋਂ ਬਾਅਦ ਆਪਣੇ ਵਰਗੇ ਹੀ ਕੁਝ ਵਿਦਿਆਰਥੀਆਂ ਨੂੰ ਸੰਕੇਤਿਕ ਭਾਸ਼ਾ ਰਾਹੀਂ ਪੜ੍ਹਾ ਰਹੀ ਹੈ। ਭੁਵਨੇਸ਼ਵਰ 'ਚ ਇਕ ਕਾਲਜ ਦੀ ਤੀਜੇ ਸਾਲ ਦੀ ਵਿਦਿਆਰਥਣ ਰਿੰਕੀ ਗੌੜਾ ਅੱਜ-ਕੱਲ ਲਾਂਜੀਆ ਪਿੰਡ 'ਚ ਆਪਣੇ ਘਰ 'ਚ ਹੀ ਰਹਿ ਰਹੀ ਹੈ, ਕਿਉਂਕਿ ਕੋਰੋਨਾ ਸਥਿਤੀ ਕਾਰਨ ਉਸ ਦਾ ਕਾਲਜ ਬੰਦ ਹੋ ਗਿਆ ਹੈ। ਭੁਵਨੇਸ਼ਵਰ ਤੋਂ ਕਰੀਬ 173 ਕਿਲੋਮੀਟਰ ਦੂਰ ਲਾਂਜੀਆ ਪਿੰਡ 'ਚ ਘੱਟੋ-ਘੱਟ 4 ਅਤੇ ਸੁਣਨ ਅਤੇ ਬੋਲਣ 'ਚ ਅਸਮਰੱਥ ਵਿਦਿਆਰਥੀ ਹਨ, ਜੋ 7ਵੀਂ ਤੋਂ 9ਵੀਂ ਜਮਾਤ 'ਚ ਪੜ੍ਹਦੇ ਹਨ ਅਤੇ ਆਪਣੇ ਘਰਾਂ 'ਚ ਹਨ। ਪਿਛਲੇ ਸਾਲ ਮਹਾਮਾਰੀ ਦੀ ਪਹਿਲੀ ਲਹਿਰ ਦੇ ਬਾਅਦ ਤੋਂ ਹੀ ਉਨ੍ਹਾਂ ਦੇ ਸਕੂਲ ਬੰਦ ਹਨ। ਅਜਿਹੇ ਸਮੇਂ ਆਪਣੀ ਸਕੂਲੀ ਸਿੱਖਿਆ ਦੌਰਾਨ ਸੰਕੇਤਿਕ ਭਾਸ਼ਾ ਸਿੱਖਣ ਵਾਲੀ ਗੌੜਾ ਆਪਣੇ ਘਰ 'ਚ ਉਨ੍ਹਾਂ ਨੂੰ ਪੜ੍ਹਾਉਣ ਲਈ ਅੱਗੇ ਆਈ। ਹਰ ਦਿਨ ਉਹ 4 ਵਿਦਿਆਰਥੀਆਂ ਨੂੰ 2 ਘੰਟੇ ਪੜ੍ਹਾਉਂਦੀ ਹੈ। ਇਸ ਤੋਂ ਇਲਾਵਾ ਉਹ ਪਿਛਲੇ ਇਕ ਸਾਲ ਤੋਂ ਖੁਦ ਆਨਲਾਈਨ ਸਿੱਖਿਆ ਲੈ ਰਹੀ ਹੈ।

ਇਹ ਵੀ ਪੜ੍ਹੋ : ਆਜ਼ਾਦੀ ਦਿਵਸ 'ਤੇ ਭਾਸ਼ਣ ਲਈ PM ਮੋਦੀ ਨੇ ਜਨਤਾ ਤੋਂ ਮੰਗੇ ਸੁਝਾਅ, ਕਿਹਾ- ਲਾਲ ਕਿਲੇ ਤੋਂ ਗੂੰਜਣਗੇ ਤੁਹਾਡੇ ਵਿਚਾਰ

ਉਸ ਦੇ ਪਿਤਾ ਨਿਰੰਜਨ ਗੌੜਾ ਨੇ ਕਿਹਾ,''ਅਸੀਂ ਬਹੁਤ ਖੁਸ਼ ਹਾਂ ਕਿ ਮੇਰੀ ਧੀ ਦੂਜੇ ਵਿਦਿਆਰਥੀਆਂ ਨੂੰ ਪੜ੍ਹਾ ਰਹੀ ਹੈ, ਜੋ ਸੁਣਨ-ਬੋਲਣ 'ਚ ਅਸਮਰੱਥ ਹਨ।'' ਨਿਰੰਜਨ ਮਜ਼ਦੂਰ ਹੈ। ਵਿਦਿਆਰਥੀਆਂ ਨੂੰ ਹੋਰ ਸਹੂਲਤਾਂ ਉਪਲੱਬਧ ਕਰਵਾਉਣ ਤੋਂ ਇਲਾਵਾ ਰਿੰਕੀ ਦੇ ਮਾਤਾ-ਪਿਤਾ ਉਨ੍ਹਾਂ ਨੂੰ ਆਏ ਦਿਨ ਆਪਣੇ ਘਰ ਭੋਜਨ ਵੀ ਕਰਵਾਉਂਦੇ ਹਨ। ਬਰਹਮਪੁਰ ਦੇ ਇਕ ਗੈਰ-ਸਰਕਾਰੀ ਸੰਗਠਨ 'ਸਿਟੀਜਨਜ਼ ਐਸੋਸੀਏਸ਼ਨ ਫਾਰ ਰੂਰਲ ਡੈਵਲਪਮੈਂਟ' ਨੇ ਇਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਸਿੱਖਿਆ ਸਮੱਗਰੀ ਉਪਲੱਬਧ ਕਰਵਾਈ ਹੈ। ਐੱਨ.ਜੀ.ਓ. ਦੇ ਪ੍ਰਧਾਨ ਸੁਰੇਸ਼ ਸਾਹੂ ਨੇ ਕਿਹਾ,''ਸਾਡੇ ਭਾਈਚਾਰਕ ਵਰਕਰ ਹਰ ਹਫ਼ਤੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨਿਰੀਖਣ ਕਰਨ ਲਈ ਪਿੰਡ ਦਾ ਦੌਰਾ ਕਰਦੇ ਹਨ।'' ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸੰਗਠਨ ਨੇ ਰਿੰਕੀ ਨੂੰ ਸਕੂਲ ਅਤੇ ਕਾਲਜ 'ਚ ਪੜ੍ਹਾਈ ਕਰਨ ਲਈ ਸਹਿਯੋਗ ਦਿੱਤਾ ਸੀ। ਇਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਲੈ ਕੇ ਬਹੁਤ ਚਿੰਤਤ ਸਨ, ਕਿਉਂਕਿ ਉਨ੍ਹਾਂ ਕੋਲ ਸੁਣਨ-ਬੋਲਣ 'ਚ ਅਸਮਰੱਥ ਬੱਚਿਆਂ ਦੀ ਜ਼ਰੂਰਤ ਦੇ ਅਨੁਕੂਲ ਸਿੱਖਿਆ ਦੀ ਵਿਵਸਥਾ ਨਹੀਂ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਬੱਚਿਆਂ ਦੇ ਮਾਤਾ-ਪਿਤਾ ਮਜ਼ਦੂਰ ਅਤੇ ਕਿਸਾਨ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha