ਨਹਿਰੂ ਦੀ ਦੇਣ ਕਾਰਨ ਹੀ ਅੱਜ ਇਕ ਚਾਹ ਵਾਲਾ ਹੈ ਦੇਸ਼ ਦਾ ਪੀ. ਐੱਮ. : ਥਰੂਰ

11/14/2018 6:05:59 PM

ਨਵੀਂ ਦਿੱਲੀ–ਕਾਂਗਰਸ ਦੇ ਐੱਮ. ਪੀ. ਸ਼ਸ਼ੀ ਥਰੂਰ ਨੇ ਬੁੱਧਵਾਰ ਮੁੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਲਾਇਆ।

ਆਪਣੀ ਕਿਤਾਬ 'ਨਹਿਰੂ : ਦਿ ਇਨਵੈਨਸ਼ਨ ਆਫ ਇੰਡੀਆ' ਦੇ ਰੀ-ਲਾਂਚ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਜੇ ਇਕ ਚਾਹ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਤਾਂ ਇਹ ਪੰਡਿਤ ਨਹਿਰੂ ਦੀ ਹੀ ਦੇਣ ਹੈ। ਨਹਿਰੂ ਜੀ ਕਾਰਨ ਹੀ ਇਕ ਚਾਹ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਿਆ ਹੈ। ਨਹਿਰੂ ਨੇ ਇਕ ਅਜਿਹਾ ਢਾਂਚਾ ਤਿਆਰ ਕੀਤਾ, ਜਿਸ ਅਧੀਨ ਕੋਈ ਵੀ ਭਾਰਤੀ ਨਾਗਰਿਕ ਦੇਸ਼ ਦੇ ਚੋਟੀ ਦੇ ਅਹੁਦੇ ਤਕ ਪਹੁੰਚਣ ਦੀ ਇੱਛਾ ਰੱਖ ਸਕਦਾ ਹੈ। ਨਹਿਰੂ ਨੇ ਹਮੇਸ਼ਾ ਇਸ ਵਿਚਾਰ ਨੂੰ ਅੱਗੇ ਰੱਖਿਆ ਕਿ ਦੇਸ਼ ਕਿਸੇ ਵਿਅਕਤੀ ਤੋਂ ਅਹਿਮ ਹੈ ਅਤੇ ਵੱਖ-ਵੱਖ ਅਦਾਰਿਆਂ ਦਾ ਸਤਿਕਾਰ ਹੋਣਾ ਚਾਹੀਦਾ ਹੈ।

ਇਸ ਮੌਕੇ ਸੋਨੀਆ ਗਾਂਧੀ ਵੀ ਮੌਜੂਦ ਸੀ। ਉਨ੍ਹਾਂ ਮੋਦੀ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਨਹਿਰੂ ਦੀ ਵਿਰਾਸਤ ਨੂੰ ਘਟਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਆਧੁਨਿਕ ਭਾਰਤ ਦੇ ਨਿਰਮਾਣ 'ਚ ਪਹਿਲੇ ਪ੍ਰਧਾਨ ਮੰਤਰੀ ਦੇ ਯੋਗਦਾਨ ਨੂੰ ਯਾਦ ਕਰਦਿਆਂ ਸੋਨੀਆ ਨੇ ਕਿਹਾ ਕਿ, ''ਨਹਿਰੂ ਨੇ ਜਿਨ੍ਹਾਂ ਲੋਕਰਾਜੀ ਕਦਰਾਂ-ਕੀਮਤਾਂ ਨੂੰ ਅੱਗੇ ਵਧਾਇਆ, ਅੱਜ ਉਨ੍ਹਾਂ ਨੂੰ ਹੀ ਚੁਣੌਤੀ ਦਿੱਤੀ ਜਾ ਰਹੀ ਹੈ।''

Neha Meniya

This news is Content Editor Neha Meniya