ਗੋਰਖਪੁਰ ਤ੍ਰਾਸਦੀ: ਬੀ.ਆਰ.ਡੀ. ਮੈਡੀਕਲ ਕਾਲਜ ਦੀ ਡਾਕਟਰ ਪੂਰਨੀਮਾ ਸ਼ੁਕਲਾ ਵੀ ਮੁਅੱਤਲ

08/19/2017 12:37:27 PM

ਗੋਰਖਪੁਰ— ਯੋਗੀ ਸਰਕਾਰ ਨੇ ਗੋਰਖਪੁਰ ਦੇ ਬੀ.ਆਰ.ਡੀ. ਮੈਡੀਕਲ ਕਾਲਜ ਦੇ ਮੁਅੱਤਲ ਪ੍ਰਿੰਸੀਪਲ ਰਾਜੀਵ ਮਿਸ਼ਰਾ ਦੀ ਪਤਨੀ ਪੂਰਨੀਮਾ ਸ਼ੁਕਲਾ ਨੂੰ ਵੀ ਸ਼ੁੱਕਰਵਾਰ ਨੂੰ ਮੁਅੱਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬੀ.ਆਰ.ਡੀ. 'ਚ ਆਕਸੀਜਨ ਦੀ ਕਮੀ ਕਾਰਨ ਬੱਚਿਆਂ ਦੀ ਮੌਤ ਦੇ ਮਾਮਲੇ 'ਚ ਕਮਿਸ਼ਨਬਾਜੀ ਦਾ ਖੇਡ ਹੋਇਆ ਹੈ, ਜਿਸ 'ਚ ਪੂਰਨੀਮਾ ਸ਼ੁਕਲਾ ਦਾ ਨਾਂ ਸਾਹਮਣੇ ਆ ਰਿਹਾ ਹੈ।
ਜਾਣਕਾਰੀ ਅਨੁਸਾਰ ਗੋਰਖਪੁਰ ਦੇ ਬੀ.ਆਰ.ਡੀ. ਮੈਡੀਕਲ ਕਾਲਜ 'ਚ ਬੱਚਿਆਂ ਦੀ ਮੌਤ ਤੋਂ ਬਾਅਦ ਕਮਿਸ਼ਨ ਲਈ ਆਕਸੀਜਨ ਦਾ ਭੁਗਤਾਨ ਰੋਕੇ ਜਾਣ ਦੀ ਗੱਲ ਸਾਹਮਣੇ ਆਈ ਸੀ। ਰਾਜ ਸਰਕਾਰ ਦੇ ਬੁਲਾਰੇ ਸਿਧਾਰਥਨਾਥ ਸਿੰਘ ਨੇ ਵੀ ਇਸ ਦੀ ਪੁਸ਼ਟੀ ਕੀਤੀ ਸੀ। ਕਮਿਸ਼ਨ ਦੀ ਮੰਗ ਲਈ ਪ੍ਰਿੰਸੀਪਲ ਦੀ ਪਤਨੀ ਡਾ. ਸ਼ੁਕਲਾ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਸੀ।
ਬੱਚਿਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬੀ.ਆਰ.ਡੀ. ਮੈਡੀਕਲ ਕਾਲਜ ਦੇ ਪ੍ਰਿੰਸੀਪਲ ਰਾਜੀਵ ਮਿਸ਼ਰਾ ਨੂੰ 12 ਅਗਸਤ ਨੂੰ ਮੁਅੱਤਲ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਮੈਂ ਆਪਣੀ ਜ਼ਿੰਮੇਵਾਰੀ ਮੰਨਦੇ ਹੋਏ ਮੁਅੱਤਲ ਤੋਂ ਪਹਿਲਾਂ ਹੀ ਅਸਤੀਫਾ ਸੌਂਪ ਦਿੱਤਾ ਸੀ। ਇਸ ਤੋਂ ਬਾਅਦ 13 ਅਗਸਤ ਨੂੰ ਮੁੱਖ ਮੰਤਰੀ ਯੋਗੀ ਨੇ ਮੈਡੀਕਲ ਕਾਲਜ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਬੰਦ ਕਮਰੇ 'ਚ ਇੱਥੋਂ ਦੇ ਸਟਾਫ ਦੀ ਕਲਾਸ ਲਾਈ। ਵਿਜਿਟ (ਮੁਲਾਕਾਤ) ਤੋਂ ਬਾਅਦ ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਬੱਚਿਆਂ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਦੇ ਖਿਲਾਫ ਹਰ ਮੁਮਕਿਨ ਕਦਮ ਚੁੱਕਿਆ ਜਾਵੇਗਾ।