ਟਰੰਪ ਦੀ ਯਾਤਰਾ ਤੋਂ ਪਹਿਲਾਂ ਰਾਜਘਾਟ ਵਿਦੇਸ਼ੀ ਅਤੇ ਸਥਾਨਕ ਸੈਲਾਨੀਆਂ ਲਈ ਬੰਦ

02/24/2020 1:48:22 PM

ਨਵੀਂ ਦਿੱਲੀ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯਾਤਰਾ ਤੋਂ ਪਹਿਲਾਂ ਸੋਮਵਾਰ ਨੂੰ ਮਹਾਤਮਾ ਗਾਂਧੀ ਦੀ ਸਮਾਧੀ ਰਾਜਘਾਟ 'ਤੇ ਆਉਣ ਵਾਲੇ ਵਿਦੇਸ਼ੀ ਅਤੇ ਸਥਾਨਕ ਯਾਤਰੀਆਂ ਲਈ ਐਂਟਰੀ ਬੰਦ ਕਰ ਦਿੱਤੀ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਟਰੰਪ ਮੰਗਲਵਾਰ ਨੂੰ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣਗੇ। ਆਇਰਲੈਂਡ ਤੋਂ ਰਾਜਧਾਨੀ ਦਿੱਲੀ ਘੁੰਮਣ ਆਏ ਕਰੀਬ 18 ਸੈਲਾਨੀਆਂ ਨੂੰ ਸੋਮਵਾਰ ਨੂੰ ਰਾਜਘਾਟ 'ਚ ਪ੍ਰਵੇਸ਼ (ਐਂਟਰੀ) ਨਹੀਂ ਦਿੱਤਾ ਗਿਆ। ਸੈਲਾਨੀਆਂ ਨੇ ਕਿਹਾ ਕਿ 'ਬਿਨਾਂ ਐਲਾਨ' ਦੇ ਸਮਾਰਕ ਨੂੰ ਬੰਦ ਕਰਨ ਨਾਲ ਉਨ੍ਹਾਂ ਨੂੰ ਨਿਰਾਸ਼ਾ ਹੋਈ। ਸਥਾਨਕ ਸੈਲਾਨੀ ਮਨੀਸ਼ ਨੇ ਕਿਹਾ ਕਿ ਉਹ ਆਪਣੀ ਭੈਣ ਨੂੰ ਪ੍ਰੀਖਿਆ ਸੈਂਟਰ ਛੱਡ ਕੇ ਰਾਜਘਾਟ ਘੁੰਮਣ ਆਇਆ ਸੀ।

ਉਨ੍ਹਾਂ ਨੇ ਦੱਸਿਆ ਕਿ ਗੂਗਲ 'ਤੇ ਦੇਖਣ 'ਤੇ ਪਤਾ ਲੱਗਾ ਕਿ ਰਾਜਘਾਟ ਸ਼ਾਮ 6 ਵਜੇ ਤੱਕ ਖੁੱਲ੍ਹਾ ਹੈ ਪਰ ਇੱਥੇ ਆ ਕੇ ਪਤਾ ਲੱਗਾ ਕਿ ਐਂਟਰੀ ਨਹੀਂ ਦਿੱਤੀ ਜਾ ਰਹੀ ਹੈ। ਉੱਤਰ ਪ੍ਰਦੇਸ਼ ਦੇ ਅਮੇਠੀ ਤੋਂ ਆਏ ਮੁਹੰਮਦ ਤੌਫੀਕ ਵੀ ਆਪਣੀ ਬੇਟੀ ਅਲੀਜਾ ਅਤੇ ਭਤੀਜੇ ਅਦਨਾਨ ਨਾਲ ਰਾਜਘਾਟ ਪਹੁੰਚੇ ਪਰ ਉਨ੍ਹਾਂ ਨੂੰ ਵੀ ਹੋਰ ਸੈਲਾਨੀਆਂ ਦੀ ਤਰ੍ਹਾਂ ਐਂਟਰੀ ਬੰਦ ਹੋਣ ਦੀ ਜਾਣਕਾਰੀ ਨਹੀਂ ਸੀ। ਤੌਫੀਕ ਨੇ ਦੱਸਿਆ ਕਿ ਉਹ ਇੰਨੀਂ ਦਿਨੀਂ ਅਮੇਠੀ ਤੋਂ ਦਿੱਲੀ ਦੇ ਏਮਜ਼ 'ਚ ਆਪਣੀ ਬੇਟੀ ਦਾ ਇਲਾਜ ਕਰਵਾਉਣ ਆਏ ਸਨ ਅਤੇ ਉਹ ਬੱਚਿਆਂ ਨੂੰ ਮਹਾਤਮਾ ਗਾਂਧੀ ਦੀ ਸਮਾਧੀ ਰਾਜਘਾਟ ਘੁੰਮਾਉਣ ਲਿਆਏ ਪਰ ਇੱਥੇ ਪਹੁੰਚ ਕੇ ਐਂਟਰੀ ਨਹੀਂ ਮਿਲਣ ਦੀ ਜਾਣਕਾਰੀ ਮਿਲੀ। ਸੋਮਵਾਰ ਨੂੰ ਰਾਜਘਾਟ ਦੇ ਨੇੜੇ-ਤੇੜੇ ਸੁਰੱਖਿਆ ਸਖਤ ਕਰ ਦਿੱਤੀ ਗਈ। ਬੰਬ ਰੋਕੂ ਦਸਤੇ ਅਤੇ ਹੋਰ ਜਵਾਨ ਵੀ ਤਾਇਨਾਤ ਰਹੇ।

DIsha

This news is Content Editor DIsha