ਪੱਛਮੀ ਬੰਗਾਲ ਤੋਂ ਲੈ ਕੇ ਦਿੱਲੀ ਅਤੇ ਮੁੰਬਈ ਤੱਕ ਡਾਕਟਰ ਨੇ ਕੀਤੀ ਹੜਤਾਲ, ਮਰੀਜ਼ ਪਰੇਸ਼ਾਨ

06/14/2019 11:00:28 AM

ਨਵੀਂ ਦਿੱਲੀ—ਪੱਛਮੀ ਬੰਗਾਲ ਤੋਂ ਸ਼ੁਰੂ ਹੋਈ ਜੂਨੀਅਰ ਡਾਕਟਰਾਂ ਦੀ ਹੜਤਾਲ ਹੁਣ ਦਿੱਲੀ ਤੱਕ ਪਹੁੰਚ ਚੁੱਕੀ ਹੈ। ਇੱਥੇ ਡਾਕਟਰਾਂ ਦੀ ਹੋਈ ਕੁੱਟ ਮਾਰ ਦੀ ਘਟਨਾ ਤੋਂ ਮੈਡੀਕਲ ਐਸੋਸੀਏਸ਼ਨ 'ਚ ਗੁੱਸਾ ਹੈ। ਰਾਜਧਾਨੀ ਦਿੱਲੀ 'ਚ ਦਿੱਲੀ ਮੈਡੀਕਲ ਐਸੋਸੀਏਸ਼ਨ (ਐੱਮ. ਡੀ. ਏ) ਨੇ ਹੜਤਾਲ ਕੀਤੀ। ਇਸ ਦਾ ਸਭ ਤੋਂ ਜ਼ਿਆਦਾ ਅਸਰ ਏਮਸ (ਏ. ਆਈ. ਆਈ. ਐੱਮ. ਐੱਸ.) ਵਰਗੇ ਵੱਡੇ ਹਸਪਤਾਲਾਂ 'ਚ ਦੇਖਿਆ ਜਾ ਰਿਹਾ ਹੈ। ਮਹਾਰਾਸ਼ਟਰ 'ਚ ਵੀ ਡਾਕਟਰਾਂ ਨੇ ਕੰਮ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਈਲੈਂਟ ਪ੍ਰੋਟੈਸਟ ਕਰਾਂਗੇ। 

ਦਿੱਲੀ ਅਤੇ ਮਹਾਰਾਸ਼ਟਰ ਤੋਂ ਇਲਾਵਾ ਕੇਰਲ, ਬਿਹਾਰ ਅਤੇ ਮੱਧ ਪ੍ਰਦੇਸ਼ 'ਚ ਵੀ ਡਾਕਟਰਾਂ ਨੇ ਕੰਮ ਕਰਨ ਤੋਂ ਮਨਾ ਕਰ ਦਿੱਤਾ ਹੈ। ਆਈ. ਐੱਸ. ਨਾਲ ਜੁੜੇ ਇੱਕ ਡਾਕਟਰ ਨੇ ਦੱਸਿਆ ਹੈ ਕਿ ਅੱਜ ਏਮਸ, ਸਫਦਰਜੰਗ ਤੋਂ ਇਲਾਵਾ ਨਿੱਜੀ ਕਲੀਨਿਕ ਨਰਸਿੰਗ ਹੋਮ ਵੀ ਬੰਦ ਰਹਿਣਗੇ। ਏਮਸ 'ਚ ਨਵੇਂ ਮਰੀਜਾਂ ਦਾ ਇਲਾਜ ਨਹੀਂ ਹੋਵੇਗਾ, ਜਦਕਿ ਸਫਦਰਗੰਜ 'ਚ ਸਿਰਫ ਐਮਰਜੈਂਸੀ ਚੱਲੇਗੀ। ਪੱਛਮੀ ਬੰਗਾਲ 'ਚ ਐੱਨ. ਆਰ. ਐੱਸ. ਮੈਡੀਕਲ ਕਾਲਜ ਅਤੇ ਹਸਪਤਾਲਾਂ ਵੱਲੋਂ ਉੱਤਰ ਬੰਗਾਲ ਮੈਡੀਕਲ ਕਾਲਜ, ਸਿਲੀਗੁੜੀ 'ਚ ਡਾਕਟਰਾਂ ਨੇ ਹੜਤਾਲ ਕੀਤੀ। ਹੈਦਰਾਬਾਦ 'ਚ ਵੀ ਨਿਜਾਮ ਇੰਸਟੀਚਿਊਟ ਆਫ ਮੈਡੀਕਲ ਸਾਈਸਿੰਜ਼ ਦੇ ਡਾਕਟਰਾਂ ਨੇ ਪੱਛਮੀ ਬੰਗਾਲ ਦੇ ਐੱਨ. ਆਰ. ਐੱਸ. ਮੈਡੀਕਲ ਕਾਲਜ ਅਤੇ ਹਸਪਤਾਲ 'ਚ ਡਾਕਟਰਾਂ ਖਿਲਾਫ ਹਿੰਸਾ 'ਤੇ ਰੋਸ ਮਾਰਚ ਕੱਢਿਆ।

ਦੱਸ ਦੇਈਏ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹੜਤਾਲ ਕਰ ਰਹੇ ਜੂਨੀਅਰ ਡਾਕਟਰਾਂ ਨੇ ਵੀਰਵਾਰ ਦੁਪਹਿਰ 2 ਵਜੇ ਤੱਕ ਕੰਮ 'ਤੇ ਵਾਪਸ ਆਉਣ ਦਾ ਅਲਟੀਮੇਟਮ ਦਿੱਤਾ ਸੀ ਪਰ ਡਾਕਟਰ ਵਾਪਸ ਨਹੀਂ ਆਏ। ਉਨ੍ਹਾਂ ਨੇ ਸਾਫ ਕਿਹਾ ਸੀ ਕਿ ਜਦੋਂ ਤੱਕ ਸਰਕਾਰੀ ਹਸਪਤਾਲਾਂ 'ਚ ਸੁਰੱਖਿਆ ਸੰਬੰਧੀ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੋਵੇਗੀ ਤਾਂ ਉਸ ਸਮੇਂ ਤੱਕ ਹੜਤਾਲ ਜਾਰੀ ਰਹੇਗੀ।

ਇਹ ਹੈ ਪੂਰਾ ਮਾਮਲਾ—
ਅਸਲ 'ਚ ਕੋਲਕਾਤਾ ਦੇ ਐੱਨ. ਆਰ. ਐੱਸ. ਮੈਡੀਕਲ ਕਾਲਜ 'ਚ ਇਲਾਜ ਦੌਰਾਨ ਇੱਕ 75 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਸੀ। ਬਜ਼ੁਰਗ ਦੇ ਪਰਿਵਾਰ ਵਾਲਿਆਂ ਨੇ ਡਾਕਟਰਾਂ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਅਤੇ ਡਾਕਟਰਾਂ ਦੀ ਕੁੱਟ ਮਾਰ ਕੀਤੀ ਗਈ ਸੀ। ਦੋਸ਼ ਹੈ ਕਿ ਲਗਭਗ 200 ਲੋਕਾਂ ਨੇ ਹਸਪਤਾਲ 'ਤੇ ਹਮਲਾ ਕਰ ਦਿੱਤਾ ਅਤੇ 2 ਡਾਕਟਰਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।

Iqbalkaur

This news is Content Editor Iqbalkaur