4 ਸਾਲ ਦੇ ਬੱਚੇ ਨੇ ਨਿਗਲ ਲਈ ਸੀਟੀ, ਏਮਜ਼ ਦੇ ਡਾਕਟਰਾਂ ਨੇ ਇੰਝ ਬਚਾਈ ਜਾਨ

04/25/2023 1:10:55 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੀ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼) ਦੇ ਡਾਕਟਰਾਂ ਨੇ 4 ਸਾਲ ਦੇ ਬੱਚੇ ਦੀ ਸਾਹ ਨਲੀ 'ਚ ਫਸੀ ਸੀਟੀ ਨੂੰ ਐਂਡੋਸਕੋਪੀ ਰਾਹੀਂ ਬਾਹਰ ਕੱਢਣ ਦਾ ਅਨੋਖਾ ਕਾਰਨਾਮਾ ਕਰ ਦਿਖਾਇਆ ਹੈ। ਪੀਡੀਯਾਟ੍ਰਿਕ ਸਰਜਰੀ ਵਿਭਾਗ ਦੇ ਐਡੀਸ਼ਨਲ ਪ੍ਰੋਫੈਸਰ ਡਾ. ਪ੍ਰਬੁਧ ਗੋਇਲ ਨੇ ਕਿਹਾ,''ਹਰਿਆਣਾ ਦੇ ਨੂੰਹ ਜ਼ਿਲ੍ਹੇ ਦੇ ਰਹਿਣ ਵਾਲੇ ਸ਼ਾਹਨੀ ਨੂੰ ਐਤਵਾਰ ਸਵੇਰੇ ਹਸਪਤਾਲ ਦੇ ਮਦਰ ਐਂਡ ਚਾਈਲਡ ਬਲਾਕ ਲਿਆਂਦਾ ਗਿਆ ਸੀ।'' ਡਾ. ਗੋਇਲ ਨੇ ਕਿਹਾ ਕਿ ਬੱਚੇ ਦੇ ਪਿਤਾ ਨੇ ਉਸ਼ ਲਈ ਇਕ ਜੋੜੀ ਚੱਪਲ ਖਰੀਦੀ ਸੀ, ਜਿਸ 'ਚ ਇਕ ਸੀਟੀ ਲੱਗੀ ਹੋਈ ਸੀ। ਉਨ੍ਹਾਂ ਦੱਸਿਆ ਕਿ ਚੱਪਲ ਤੋਂ ਸੀਟੀ ਹਟ ਗਈ ਅਤੇ ਸ਼ਾਹੀਨ ਨੇ ਉਸ ਨੂੰ ਆਪਣੇ ਮੂੰਹ 'ਚ ਪਾ ਲਿਆ ਅਤੇ ਉਹ ਉਸ ਦੀ ਸਾਹ ਨਲੀ 'ਚ ਫਸ ਗਈ।

ਡਾ. ਗੋਇਲ ਨੇ ਕਿਹਾ,''ਐਮਰਜੈਂਸੀ ਵਾਰਡ 'ਚ ਲਿਆਏ ਜਾਣ 'ਤੇ ਬੱਚੇ ਨੂੰ ਖੰਘ ਆ ਰਹੀ ਸੀ। ਉਸ ਨੂੰ ਸਾਹ ਲੈਣ 'ਚ ਵੀ ਤਕਲੀਫ਼ ਹੋ ਰਹੀ ਸੀ, ਕਿਉਂਕਿ ਸੀਟੀ ਉਸ ਦੀ ਸਾਹ ਦੀ ਨਲੀ 'ਚ ਫਸੀ ਸੀ। ਸਾਹ ਲੈਂਦੇ ਸਮੇਂ ਬੱਚੇ ਦੇ ਮੂੰਹ ਤੋਂ ਸੀਟੀ ਦੀ ਆਵਾਜ਼ ਵੀ ਆ ਰਹੀ ਸੀ।'' ਉਨ੍ਹਾਂ ਕਿਹਾ,''ਬੱਚੇ ਨੂੰ ਐਮਰਜੈਂਸੀ ਵਾਰਡ ਤੋਂ ਸਿੱਧੇ ਆਪਰੇਸ਼ਨ ਥੀਏਟਰ ਲਿਜਾਇਆ ਗਿਆ, ਜਿੱਥੇ ਅਸੀਂ ਉਸ ਦੀ ਬ੍ਰੋਂਕੋਸਕੋਪੀ ਕੀਤੀ। ਬ੍ਰੋਂਕੋਸਕੋਪੀ ਜੀਵਨ ਅਤੇ ਮੌਤ ਵਿਚਾਲੇ ਇਕ ਚੁਣੌਤੀ ਹੈ। ਇਸ ਤੋਂ ਇਲਾਵਾ ਇਸ ਨਾਲ ਦਿਮਾਗ਼ ਨੂੰ ਨੁਕਸਾਨ ਹੋਣ ਦਾ ਖ਼ਤਰਾ ਰਹਿੰਦਾ ਹੈ।'' ਸਰਜਰੀ ਦੌਰਾਨ ਏਮਜ਼ ਦੇ ਡਾਇਰੈਕਟਰ ਡਾ. ਐੱਮ. ਸ਼੍ਰੀਨਿਵਾਸ ਵੀ ਮੌਜੂਦ ਸਨ।

DIsha

This news is Content Editor DIsha