ਹੈਰਾਨੀਜਨਕ ਮਾਮਲਾ; ਓਡੀਸ਼ਾ ''ਚ ਡਾਕਟਰ ਨੇ ਮਰੀਜ਼ ਦੀ ਕੀਤੀ ਕੁੱਟਮਾਰ

03/15/2022 12:32:35 PM

ਭੁਵਨੇਸ਼ਵਰ- ਓਡੀਸ਼ਾ ਦੇ ਕਾਲਾਹਾਂਡੀ ਜ਼ਿਲ੍ਹੇ ਦੇ ਧਰਮਗੜ੍ਹ ਸਬ-ਡਿਵੀਜ਼ਨਲ ਹਸਪਤਾਲ ’ਚ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਡਾਕਟਰ ਨੇ ਮਰੀਜ਼ ਦੀ ਹੀ ਕੁੱਟਮਾਰ ਕਰ ਦਿੱਤੀ। ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।

ਸਥਾਨਕ ਲੋਕਾਂ ਮੁਤਾਬਕ ਧਰਮਗੜ੍ਹ ਇਲਾਕੇ ਦਾ ਇਕ ਮਰੀਜ਼ ਐਤਵਾਰ ਰਾਤ ਕਰੀਬ 10.30 ਵਜੇ ਹਸਪਤਾਲ ਗਿਆ ਸੀ। ਉਹ ਢਿੱਡ ’ਚ ਦਰਦ ਦੀ ਸ਼ਿਕਾਇਤ ਲੈ ਕੇ ਹਸਪਤਾਲ ਪੁੱਜਾ ਸੀ ਪਰ ਉੱਥੇ ਡਾਕਟਰ ਮੌਜੂਦ ਨਹੀਂ ਸੀ। ਇਸ ਤੋਂ ਬਾਅਦ ਮਰੀਜ਼ ਨੇ ਡਾਕਟਰ ਦੇ ਨਾ ਆਉਣ ਦਾ ਕਾਰਨ ਪੁੱਛਿਆ ਤਾਂ ਗਾਰਡ ਨੇ ਕਿਹਾ ਕਿ ਡਾਕਟਰ ਅਜੇ ਨਹੀਂ ਆਏ। ਮਰੀਜ਼ ਨੇ ਦੱਸਿਆ ਕਿ ਕੁਝ ਦੇਰ ਬਾਅਦ ਮੈਡੀਕਲ ਸਟਾਫ ਵਿਚੋਂ ਕਿਸੇ ਨੇ ਦੋ ਟੀਕੇ ਲਗਾ ਦਿੱਤੇ ਅਤੇ ਮੈਂ ਸਟ੍ਰੈਚਰ 'ਤੇ ਲੇਟ ਗਿਆ। 

ਡਾਕਟਰ ਜਦੋਂ ਹਸਪਤਾਲ ਪਹੁੰਚਿਆ ਤਾਂ ਦੋਹਾਂ ਵਿਚਾਲੇ ਤਿੱਖੀ ਬਹਿਸ ਹੋਈ। ਜਿਸ ਤੋਂ ਬਾਅਦ ਡਾਕਟਰ ਨੇ ਮਰੀਜ਼ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦਕਿ ਹਸਪਤਾਲ ਸਟਾਫ਼ ਮੂਕਦਰਸ਼ਕ ਬਣ ਕੇ ਖੜ੍ਹਾ ਵੇਖਦਾ ਰਿਹਾ। ਕੁੱਟਮਾਰ ਕਰਨ ਵਾਲੇ ਡਾਕਟਰ ਦੀ ਪਛਾਣ ਸੈਲੇਸ਼ ਕੁਮਾਰ ਡੋਰਾ ਵਜੋਂ ਹੋਈ ਹੈ। ਓਧਰ ਸਥਾਨਕ ਲੋਕਾਂ ਨੇ ਸੋਮਵਾਰ ਨੂੰ ਡਾਕਟਰ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਰੋਡ ਜਾਮ ਵੀ ਕੀਤਾ। ਡਾਕਟਰ ਅਤੇ ਮਰੀਜ਼ ਵੱਲੋਂ ਸਥਾਨਕ ਥਾਣੇ ਵਿਚ ਦੋ ਵੱਖ-ਵੱਖ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ। ਪੁਲਸ ਅਧਿਕਾਰੀ ਧੀਰਜ ਕੁਮਾਰ ਨੇ ਦੱਸਿਆ, "ਅਸੀਂ ਇਸ ਘਟਨਾ ਨੂੰ ਲੈ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਡਾਕਟਰ ਨੂੰ ਹਿਰਾਸਤ 'ਚ ਲੈ ਲਿਆ ਹੈ। ਅਗਲੇਰੀ ਜਾਂਚ ਜਾਰੀ ਹੈ।"

Tanu

This news is Content Editor Tanu