ਦੀਵਾਲੀ ਦੇ ਦਿਨ ਚੰਬਾ ''ਚ ਵਾਪਰਿਆ ਹਾਦਸਾ, ਰਾਵੀ ਨਦੀ ''ਤੇ ਬਣਿਆ ਪੁਲ ਹੋਇਆ ਹਾਦਸੇ ਦਾ ਸ਼ਿਕਾਰ (ਤਸਵੀਰਾਂ)

10/19/2017 1:02:08 PM

ਚੰਬਾ— ਦੀਵਾਲੀ ਦੇ ਦਿਨ ਚੰਬਾ ਵਿਚ ਇਕ ਵੱਡਾ ਹਾਦਸਾ ਹੋ ਗਿਆ। ਇੱਥੇ ਪਰੇਲ ਦੇ ਕੋਲ ਰਾਵੀ ਨਦੀ ਉੱਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਪੁਲ ਵੀਰਵਾਰ ਨੂੰ ਅਚਾਨਕ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ ਨੂੰ ਲੈ ਕੇ ਪੁਲਸ ਨੇ ਪੁਲ ਨਿਰਮਾਣ ਕਾਰਜ ਨੂੰ ਅੰਜਾਮ ਦੇਣ ਵਾਲੇ ਠੇਕੇਦਾਰ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੇ ਹੀ 'ਲੋਕ ਨਿਰਮਾਣ ਵਿਭਾਗ' ਦੀ ਨਿਰਮਾਣ ਸ਼ੈਲੀ ਪੂਰੀ ਤਰ੍ਹਾਂ ਨਾਲ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ।
ਜਿਸ ਸਮੇਂ ਇਹ ਹਾਦਸਾ ਹੋਇਆ ਉਦੋਂ ਪੁਲ ਉੱਤੋਂ ਇਕ ਕਾਰ, ਟਿੱਪਰ ਅਤੇ ਮੋਟਰਸਾਈਕਲ ਲੰਘ ਰਿਹਾ ਸੀ। ਨਤੀਜੇ ਵੱਜੋਂ ਪੁਲ ਦੇ ਡਿੱਗਦੇ ਹੀ ਮੋਟਰਸਾਈਕਲ ਪੁਲ ਤੋਂ ਹੇਠਾਂ ਜਾ ਡਿੱਗਿਆ, ਜਦੋਂ ਕਿ ਕਾਰ ਅਤੇ ਟਿੱਪਰ ਉੱਤੇ ਹੀ ਫਸੇ ਰਹੇ। ਹਾਦਸੇ ਵਿਚ 6 ਲੋਕ ਜਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਜ਼ਿਲਾ ਹੈਡਕੁਆਰਟਰ ਸਥਿਤ ਪੰਡਤ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਚੰਬਾ ਵਿਚ ਦਾਖਲ ਕਰਾਇਆ ਗਿਆ। ਜ਼ਖਮੀਆਂ ਵਿਚ ਵੀਰੇਂਦਰ ਕੁਮਾਰ ਨਿਵਾਸੀ ਕੁਪਾਡਾ, ਕਾਮਦੇਵ ਨਿਵਾਸੀ ਭਦਰਮ, ਚੈਨੀ ਨਿਵਾਸੀ ਮੰਗਲਾ, ਗਿਆਨ ਸਿੰਘ ਨਿਵਾਸੀ ਤਡੋਲੀ, ਰਵੀ ਨਿਵਾਸੀ ਨਖਲੀ ਅਤੇ ਅਨਿਲ ਨਿਵਾਸੀ ਭਦਰਮ ਸ਼ਾਮਲ ਹਨ। ਉਥੇ ਹੀ ਪ੍ਰਬੰਧਕੀ ਅਧਿਕਾਰੀਆਂ ਸਮੇਤ ਪੁਲਸ ਨੇ ਮੌਕੇ ਉੱਤੇ ਪਹੁੰਚ ਹਾਲਾਤਾਂ ਦਾ ਜਾਇਜ਼ਾ ਲਿਆ ਹੈ ਅਤੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਇਸ ਪੁਲ ਦਾ ਸਾਲ 2003 ਵਿਚ ਨਿਰਮਾਣ ਕੰਮ ਸ਼ੁਰੂ ਹੋਇਆ ਸੀ ਅਤੇ ਇਹ 2005 ਵਿਚ ਪੂਰਾ ਹੋਇਆ ਸੀ। ਉਸਾਰੀ ਦੇ ਸਿਰਫ਼ 15 ਸਾਲਾਂ ਅੰਦਰ ਹੀ ਇਸ ਦੇ ਡਿੱਗਣ ਨਾਲ ਨਿਰਮਾਣ ਕਾਰਜ ਉੱਤੇ ਵੀ ਸਵਾਲ ਖੜ੍ਹੇ ਹੋ ਗਏ ਹਨ। ਲੋਕਾਂ ਨੇ ਪੀ. ਡਬਲਿਊ. ਡੀ ਦੀ ਹਾਇਰ ਅਥਾਰਿਟੀ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤੀ ਤੌਰ 'ਤੇ ਪੁਲ ਦੇ ਡਿੱਗਣ ਦੀ ਵਜ੍ਹਾ ਨਕਸ਼ੇ ਵਿਚ ਕਮੀ ਜਾਂ ਫਿਰ ਨਿਰਮਾਣ ਵਿਚ ਘਟੀਆ ਸਮੱਗਰੀ ਦਾ ਪ੍ਰਯੋਗ ਹੋਣਾ ਮੰਨਿਆ ਜਾ ਰਿਹਾ ਹੈ। ਜੇਕਰ ਇਸ ਜਾਂਚ ਵਿਚ ਕੋਈ ਦੋਸ਼ੀ ਪਾਇਆ ਜਾਵੇਗਾ, ਉਸ ਖਿਲਾਫ ਸਖਤ ਕਾਰਵਾਈ ਹੋਵੇਗੀ।