Mcdonald,KFC ਅਤੇ Dominos ਰਖਣਗੇ ਤੁਹਾਡੀ ਸਿਹਤ ਦਾ ਧਿਆਨ, ਘਰ ਬੈਠੇ ਮਿਲੇਗਾ ਮਨਪਸੰਦ ਭੋਜਨ

03/21/2020 5:09:45 PM

ਨਵੀਂ ਦਿੱਲੀ — ਦਿੱਲੀ ਸਰਕਾਰ ਨੇ ਕੋਰੋਨਾ ਵਾਇਰਸ ਦੇ ਵਧਦੇ ਕਹਿਰ ਨੂੰ ਵੇਖਦੇ ਹੋਏ 31 ਮਾਰਚ ਤੱਕ ਰੈਸਟੋਰੈਂਟਸ ’ਚ ਬੈਠ ਕੇ ਖਾਣ ਦੀ ਸਰਵਿਸ ’ਤੇ ਰੋਕ ਲਾ ਦਿੱਤੀ ਹੈ। ਉਥੇ ਹੀ ਰੈਸਟੋਰੈਂਟਸ ਅਤੇ ਹੋਰ ਫੂਡ ਚੇਨ ਕੰਪਨੀਆਂ ਵੀ ਅਜਿਹੇ ਹੀ ਕਦਮ ਉਠਾ ਰਹੀਆਂ ਹਨ। ਸਰਕਾਰ ਦੇ ਫੈਸਲੇ ਤੋਂ ਬਾਅਦ ਕਈ ਰੈਸਟੋਰੈਂਟਸ ’ਚ ਸਾਫ-ਸਫਾਈ ਦਾ ਖਿਆਲ ਰੱਖਿਆ ਜਾ ਰਿਹਾ ਹੈ।

ਉਥੇ ਹੀ ਕਈ ਰੈਸਟੋਰੈਂਟ ਅਸਥਾਈ ਤੌਰ ’ਤੇ ਬੰਦ ਕਰ ਦਿੱਤੇ ਗਏ ਹਨ। ਹੁਣ ਮੈਕਡੋਨਾਲਡ, ਕੇ. ਐੱਫ. ਸੀ., ਡੋਮੀਨੋਜ਼ ਪਿੱਜ਼ਾ ਵਰਗੀਆਂ ਫੂਡ ਚੇਨ ਕੰਪਨੀਆਂ ਵੀ ਜ਼ਰੂਰੀ ਕਦਮ ਉਠਾ ਰਹੀਆਂ ਹਨ। ਇਨ੍ਹੀਂ ਦਿਨੀਂ ਫੂਡ ਕੰਪਨੀਆਂ ਸਿਰਫ ਫੂਡ ਆਰਡਰ ’ਤੇ ਫੋਕਸ ਕਰ ਰਹੀਆਂ ਹਨ।

ਦੱਸ ਦੇਈਏ ਕਿ ਮੈਕਡੋਨਾਲਡ ਅਤੇ ਕੇ. ਐੱਫ. ਸੀ. ਨੇ ਆਪਣੇ ਰੈਸਟੋਰੈਂਟਸ ’ਚ ਡਾਇਨ ਇਨ ਸਰਵਿਸ ਨੂੰ ਬੰਦ ਕਰ ਦਿੱਤਾ ਹੈ। ਇਨ੍ਹੀਂ ਦਿਨੀਂ ਇਹ ਕੰਪਨੀਆਂ ਬਿਨਾਂ ਸਿੱਧੇ ਸੰਪਰਕ ਦੇ ਖਾਣ ਦੀ ਡਲਿਵਰੀ (ਕੰਟੈਕਟਲੈੱਸ ਡਲਿਵਰੀ) ਨੂੰ ਉਤਸ਼ਾਹ ਦੇ ਰਹੀਆਂ ਹਨ। ਪੱਛਮੀ ਅਤੇ ਦੱਖਣੀ ਭਾਰਤ ’ਚ ਮੈਕਡੋਨਾਲਡ ਨੂੰ ਚਲਾਉਣ ਵਾਲੀ ਕੰਪਨੀ ਵੈਸਟਲਾਈਫ ਡਿਵੈੱਲਪਮੈਂਟ ਮੁਤਾਬਕ ਕੰਪਨੀ ਨੇ ਕੰਟੈਕਟਲੈੱਸ ਡਲਿਵਰੀ ਸ਼ੁਰੂ ਕੀਤੀ ਹੈ ਤਾਂ ਕਿ ਕਸਟਮਰ ਤੱਕ ਖਾਣਾ ਖੁੱਲ੍ਹੇ ਹੱਥਾਂ ਨਾਲ ਛੂਹੇ ਬਿਨਾਂ ਸੁਰੱਖਿਅਤ ਅਤੇ ਉੱਚਿਤ ਦੂਰੀ ਨੂੰ ਧਿਆਨ ’ਚ ਰੱਖਦੇ ਹੋਏ ਪੁੱਜੇ।

ਕੰਪਨੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਾਰੇ ਰਾਈਡਰਾਂ ਨੂੰ ਸੈਨੇਟਾਈਜ਼ਰ ਉਪਲੱਬਧ ਕਰਵਾਏ ਹਨ ਤਾਂ ਕਿ ਉਹ ਹਰ ਡਲਿਵਰੀ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਹੱਥਾਂ ਨੂੰ ਸਾਫ ਕਰਨ। ਨਾਲ ਹੀ ਖਾਣਾ ਰੱਖਣ ਵਾਲੇ ਬੈਗਾਂ ਦੀ ਵੀ ਹਰ 3 ਘੰਟਿਆਂ ’ਚ ਸਫਾਈ ਕਰਨ।

ਡੋਮੀਨੋਜ਼ ਪਿੱਜ਼ਾ ਰੈਸਟੋਰੈਂਟਾਂ ’ਚ ਜ਼ੀਰੋ-ਕੰਟੈਕਟ ਡਲਿਵਰੀ ਸ਼ੁਰੂ

ਭਾਰਤ ’ਚ ਡਾਮੀਨੋਜ਼ ਪਿੱਜ਼ਾ ਨੂੰ ਚਲਾਉਣ ਵਾਲੀ ਕੰਪਨੀ ਜੁਬੀਲੈਂਟ ਫੂਡਵਰਕਸ ਲਿਮਟਿਡ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਦੇਸ਼ ਭਰ ’ਚ ਕੰਪਨੀ ਦੇ ਸਾਰੇ 1325 ਡਾਮੀਨੋਜ਼ ਪਿੱਜ਼ਾ ਰੈਸਟੋਰੈਂਟਸ ’ਚ ਜ਼ੀਰੋ-ਕੰਟੈਕਟ ਡਲਿਵਰੀ ਸ਼ੁਰੂ ਕੀਤੀ ਗਈ ਹੈ। ਜ਼ੀਰੋ-ਕੰਟੈਕਟ ਡਲਿਵਰੀ ਤਹਿਤ ਕਸਟਮਰ ਕੰਪਨੀ ਦੀ ਐਪ ਤੋਂ ਆਰਡਰ ਕਰਦੇ ਸਮੇਂ ਇਹ ਬਦਲ ਚੁਣ ਸਕਦੇ ਹਨ। ਕੰਪਨੀ ਮੁਤਾਬਕ ਇਹ ਸਾਰੇ ਪ੍ਰੀਪੇਡ ਆਰਡਰਾਂ ’ਤੇ ਲਾਗੂ ਹੋਵੇਗੀ। ਸੇਫ ਡਲਿਵਰੀ ਐਕਸਪਰਟ ਜਦੋਂ ਵੀ ਆਰਡਰ ਲੈ ਕੇ ਪਹੁੰਚੇਗਾ, ਤਾਂ ਉਹ ਕਸਟਮਰ ਦੇ ਦਰਵਾਜ਼ੇ ਸਾਹਮਣੇ ਇਕ ਬੈਗ ’ਚ ਉਸ ਨੂੰ ਰੱਖ ਦੇਵੇਗਾ ਅਤੇ ਪਿੱਛੇ ਹੱਟ ਜਾਵੇਗਾ।

Harinder Kaur

This news is Content Editor Harinder Kaur