DHFL ਦੇ ਪ੍ਰਮੋਟਰਾਂ ''ਤੇ ਦੇਸ਼ ਛੱਡਣ ਨੂੰ ਲੈ ਕੇ ਲੱਗੀ ਪਾਬੰਦੀ, ਜਾਣੋ ਕੀ ਹੈ ਮਾਮਲਾ

11/08/2019 1:14:14 PM

ਨਵੀਂ ਦਿੱਲੀ — ਬੰਬਈ ਹਾਈ ਕੋਰਟ ਨੇ ਵੀਰਵਾਰ ਨੂੰ ਦੀਵਾਨ ਹਾਊਸਿੰਗ ਫਾਇਨਾਂਸ ਕਾਰਪੋਰੇਸ਼ਨ ਲਿਮਟਿਡ(DHFL) ਦੇ ਪ੍ਰਮੋਟਰ ਧੀਰਜ ਵਾਧਵਾਨ ਅਤੇ ਕਪਿਲ ਵਾਧਵਾਨ 'ਤੇ ਅਗਲੇ ਆਦੇਸ਼ਾਂ ਤੱਕ ਦੇਸ਼ ਛੱਡਣ 'ਤੇ ਰੋਕ ਲਗਾ ਦਿੱਤੀ ਹੈ। 63 ਮੂਨਜ਼ ਤਕਨਾਲੋਜੀ(63 Moons Technology ) ਦੀ 200 ਕਰੋੜ ਰੁਪਏ ਦੀ ਬਕਾਇਆ ਵਸੂਲੀ ਨੂੰ ਲੈ ਕੇ ਦਾਇਰ ਪਟੀਸ਼ਨ 'ਤੇ ਹਾਈ ਕੋਰਟ ਨੇ ਇਹ ਰੋਕ ਲਗਾਈ ਹੈ।

200 ਕਰੋੜ ਰੁਪਏ ਦੇ ਘਪਲੇ ਨੂੰ ਲੈ ਕੇ ਪਟੀਸ਼ਨ

ਜਸਟਿਸ ਐਸ.ਜੇ. ਕੱਥਾਵਾਲਾ ਨੇ ਕਿਹਾ ਕਿ ਜੇਕਰ ਉਹ ਦੋਵੇਂ ਦੇਸ਼ ਛੱਡਣਾ ਵੀ ਚਾਹੁੰਦੇ ਹੋਣਗੇ ਤਾਂ ਉਨ੍ਹਾਂ ਨੂੰ ਹਾਈ ਕੋਰਟ ਤੋਂ ਮਨਜ਼ੂਰੀ ਲੈਣੀ ਹੋਵੇਗੀ। ਬੈਂਚ ਜਿਗਨੇਸ਼ ਸ਼ਾਹ 63 ਮੂਨਜ਼ ਤਕਨਾਲੋਜੀਜ਼ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਹੈ। ਪਟੀਸ਼ਨ 'ਚ DHFL 'ਤੇ ਬਕਾਇਆ ਕਰੀਬ 200 ਕਰੋੜ ਰੁਪਏ ਵਾਪਸ ਕਰਨ ਦਾ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ ਹੈ। ਇਸ ਦੇ ਨਾਲ ਹੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਪ੍ਰਮੋਟਰ ਧੀਰਜ ਵਾਧਵਾਨ ਅਤੇ ਉਨ੍ਹਾਂ ਦੇ ਭਰਾ ਕਪਿਲ ਵਾਧਵਾਨ ਦੇਸ਼ ਨਹੀਂ ਛੱਡ ਸਕਣਗੇ।

ਫੰਡ ਇਕੱਠਾ ਕਰਨ ਲਈ ਵਿਦੇਸ਼ ਜਾ ਸਕਦੇ ਹਨ ਵਾਧਵਾਨ

ਇਸ ਤੋਂ ਪਹਿਲਾਂ DHFL ਨੇ ਅਦਾਲਤ ਨੂੰ ਕਿਹਾ ਸੀ ਕਿ ਵਾਧਵਾਨ ਫੰਡ ਇਕੱਠਾ ਕਰਨ ਲਈ ਵਿਦੇਸ਼ ਜਾ ਸਕਦੇ ਹਨ। ਹਾਲਾਂਕਿ 63 ਮੂਨਜ਼ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਜੇਕਰ ਵਾਧਵਾਨ ਭਰਾਵਾਂ ਨੂੰ ਦੇਸ਼ ਛੱਡਣ ਦੀ ਆਗਿਆ ਦਿੱਤੀ ਗਈ ਤਾਂ ਉਹ ਭੱਜ ਸਕਦੇ ਹਨ। 63 ਮੂਨਜ਼ ਨੇ DHFL ਦੇ ਗੈਰ-ਪਰਿਵਰਤਿਤ ਡਿਬੈਂਚਰ ਲਏ ਸਨ। ਪਰ ਵਿੱਤੀ ਸੰਸਥਾ ਕੰਪਨੀ ਨੂੰ ਰਕਮ ਵਾਪਸ ਕਰਨ 'ਚ ਨਾਕਾਮਯਾਬ ਰਹੀ।

ED ਕਰ ਰਿਹਾ ਹੈ DHFL ਖਿਲਾਫ ਜਾਂਚ

ਇਸ ਤੋਂ ਬਾਅਦ ਕੰਪਨੀ ਨੇ ਅਦਾਲਤ 'ਚ ਅਰਜ਼ੀ ਦਿੱਤੀ। ਡੀਐਚਐਫਐਲ ਨੇ ਪਟੀਸ਼ਨ ਦੀ ਪ੍ਰਵਾਨਗੀ ਨੂੰ ਚੁਣੌਤੀ ਦਿੱਤੀ। ਉਸਨੇ ਆਪਣੀ ਦਲੀਲ 'ਚ ਕਿਹਾ ਕਿ ਬਾਂਡਧਾਰਕਾਂ ਦੇ ਟਰੱਸਟੀਆਂ ਨੇ ਬਕਾਏ ਦੀ ਵਸੂਲੀ ਲਈ ਪਹਿਲਾਂ ਹੀ ਡੈਬਟ ਰਿਕਵਰੀ ਟ੍ਰਿਬਿਊਨਲ (ਡੀਆਰਟੀ) ਦੀ ਪੁਣੇ ਬੈਂਚ ਨੂੰ ਅਰਜ਼ੀ ਦਿੱਤੀ ਹੈ, ਇਸ ਲਈ ਇਸ ਪਟੀਸ਼ਨ ਨੂੰ ਇੱਥੇ ਵਿਚਾਰਨ ਲਈ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਨਫੋਰਸਮੈਂਟ ਡਾਇਰੈਕਟੋਰੇਟ ਕਥਿਤ ਵਿੱਤੀ ਬੇਨਿਯਮੀਆਂ ਲਈ DHFL ਖ਼ਿਲਾਫ਼ ਜਾਂਚ ਕਰ ਰਿਹਾ ਹੈ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ ਲਈ 14 ਨਵੰਬਰ ਦੀ ਤਰੀਕ ਨਿਰਧਾਰਤ ਕੀਤੀ ਹੈ।