ਜਾਣੋਂ ਧਨਤੇਰਸ ਦੀ ਪੂਜਾ ਵਿਧੀ, ਸਮਾਂ ਅਤੇ ਮਹੱਤਵ

10/16/2017 11:21:06 PM

ਦੀਵਾਲੀ ਤੋਂ ਇਕ ਦਿਨ ਪਹਿਲਾਂ ਧਨਤੇਰਸ ਤਿਉਹਾਰ ਹੁੰਦਾ ਹੈ। ਇਸ ਵਾਰ ਧਨਤੇਰਸ ਦਾ ਤਿਉਹਾਰ 17 ਅਕਤੂਬਰ ਨੂੰ ਹੈ। ਧਨਤੇਰਸ ਅਕਾਸ਼ ਮੰਡਲ ਦੇ 12ਵੇਂ ਨਕਸ਼ਤਰ ਉਤਰਾਫਾਲਗੁਨੀ ਦੀ ਛਾਂ ਹੇਠ ਮਨਾਇਆ ਜਾਵੇਗਾ। ਉਤਰਾਫਾਲਗੁਨੀ ਨਕਸ਼ਤਰ ਦੇ ਸਵਾਮੀ ਸੂਰਜ ਦੇਵ ਹਨ। ਲਿਹਾਜਾ ਇਸ ਵਾਰ ਧਨਤੇਰਸ ਦਾ ਤਿਉਹਾਰ ਸ਼ੋਹਰਤ, ਤੰਦਰੁਸਤੀ ਅਤੇ ਖੁਸ਼ਹਾਲੀ ਲੈ ਕੇ ਆ ਰਿਹਾ ਹੈ।
ਪੂਜਾ ਦਾ ਖਾਸ ਮਹੱਤਵ
ਘਰ 'ਚ ਖੁਸ਼ਹਾਲੀ, ਤੰਦਰੁਸਤੀ ਅਤੇ ਅਮੀਰੀ ਲਈ ਧਨਤੇਰਸ ਦਾ ਤਿਉਹਾਰ ਮਨਾਇਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਪੂਜਾ ਕਰਨ ਨਾਲ ਸਾਲ ਭਰ ਧਨ ਦੀ ਵਰਖਾ ਹੁੰਦੀ ਰਹਿੰਦੀ ਹੈ। ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤ੍ਰਿਓਦਸ਼ੀ ਨੂੰ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਇਸ ਲਈ ਇਸ ਨੂੰ ਧਨ ਤ੍ਰਿਓਦਸ਼ੀ ਵੀ ਕਿਹਾ ਜਾਂਦਾ ਹੈ।
ਪੁਰਾਣੀਆਂ ਮਾਨਤਾਵਾਂ ਮੁਤਾਬਕ ਧਨਵੰਤਰੀ ਇਸ ਦਿਨ ਪ੍ਰਗਟ ਹੋਏ ਸਨ। ਉਨ੍ਹਾਂ ਨੂੰ ਅਰੋਗਤਾ ਦਾ ਦੇਵਤਾ ਮੰਨਿਆ ਜਾਂਦਾ ਹੈ। ਉਹ ਇਕ ਮਹਾਨ ਵੈਦ ਸੀ। ਮਾਨਤਾ ਮੁਤਾਬਕ ਉਹ ਵਿਸ਼ਣੂ ਜੀ ਦੇ ਅਵਤਾਰ ਸੀ ਅਤੇ ਸਮੁੰਦਰ ਮੰਥਨ ਸਮੇਂ ਉਨ੍ਹਾਂ ਦਾ ਜਨਮ ਹੋਇਆ ਸੀ। ਜਿਸ ਕਾਰਨ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਮਾਨਤਾਵਾਂ ਹਨ, ਜਿਸ ਵਜ੍ਹਾ ਨਾਲ ਹਿੰਦੂ ਪਰਿਵਾਰ ਇਸ ਤਿਉਹਾਰ ਨੂੰ ਕਾਫੀ ਸ਼ਰਧਾ ਭਾਵ ਨਾਲ ਮਨਾਉਂਦੇ ਹਨ।
ਮਾਤਾ ਲਕਸ਼ਮੀ ਜੀ ਸਮੇਤ ਇਨ੍ਹਾਂ ਦੇਵਤਿਆਂ ਦੀ ਵੀ ਹੁੰਦੀ ਹੈ ਪੂਜਾ
ਧਨਤੇਰਸ ਵਾਲੇ ਦਿਨ ਮਾਤਾ ਲਕਸ਼ਮੀ ਜੀ ਦੇ ਨਾਲ ਦੇਵਤਾ ਕੁਬੇਰ ਦੀ ਪੂਜਾ-ਅਰਚਨਾ ਦਾ ਖਾਸ ਮਹਤੱਵ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਇਨ੍ਹਾਂ ਦੀ ਪੂਜਾ ਕਰਨ ਨਾਲ ਸਾਰਾ ਸਾਲ ਇਨ੍ਹਾਂ ਦੀ ਕ੍ਰਿਪਾ ਬਣੀ ਰਹਿੰਦੀ ਹੈ ਅਤੇ ਕਦੇ ਵੀ ਧਨ-ਸੰਪਤੀ ਦੀ ਕਮੀ ਨਹੀਂ ਹੁੰਦੀ। ਇਸ ਤੋਂ ਇਲਾਵਾਂ ਭਗਵਾਨ ਧਨਵੰਤਰੀ ਅਤੇ ਕਾਲ ਦੇ ਦੇਵਤਾ ਯਮਰਾਜ ਦੀ ਵੀ ਪੂਜਾ ਕੀਤੀ ਜਾਂਦੀ ਹੈ। 

ਧਨਤੇਰਸ ਦੀ ਪੂਜਾ ਵਿਧੀ
ਸ਼ਾਮ ਦੇ ਸਮੇਂ ਧਨਤੇਰਸ ਦੀ ਪੂਜਾ ਕਰਨ ਨਾਲ ਵਿਸ਼ੇਸ਼ ਫਲ ਮਿਲਦਾ ਹੈ। ਪੂਜਾ ਦੇ ਸਥਾਨ 'ਤੇ ਉਤਰ ਦਿਸ਼ਾ ਵੱਲ ਭਗਵਾਨ ਕੁਬੇਰ ਅਤੇ ਧਨਵੰਤਰੀ ਦੀ ਸਥਾਪਨਾ ਕਰ ਕੇ ਉਨ੍ਹਾਂ ਦੀ ਪੂਜਾ ਕਰਨੀ ਚਾਹੀਦੀ ਹੈ। ਇਨ੍ਹਾਂ ਦੇ ਨਾਲ ਹੀ ਮਾਤਾ ਲਕਸ਼ਮੀ ਜੀ ਅਤੇ ਹੋਰ ਦੇਵਤਿਆਂ ਦੀ ਵੀ ਪੂਜਾ ਦਾ ਵਿਧਾਨ ਹੈ। ਭਗਵਾਨ ਕੁਬੇਰ ਨੂੰ ਸਫੇਦ ਮਿਠਾਈ ਦਾ ਭੋਗ ਲਗਾਉਣਾ ਚਾਹੀਦਾ ਹੈ ਜਦਕਿ ਧਨਵੰਤਰੀ ਨੂੰ ਪੀਲੀ ਮਿਠਾਈ ਅਤੇ ਪੀਲੀ ਚੀਜ ਪਸੰਦ ਹੈ। 
ਪੂਜਾ ਦੀ ਸਮੱਗਰੀ
21 ਕਮਲ ਬੀਜ਼, 5 ਪ੍ਰਕਾਰ ਦੇ ਮਣੀ ਪੱਥਰ, 5 ਸੁਪਾਰੀ, ਲਕਸ਼ਮੀ-ਗਣੇਸ਼ ਦੇ ਸਿੱਕੇ (10 ਗ੍ਰਾਮ ਜਾਂ ਜ਼ਿਆਦਾ), ਅਗਰਬੱਤੀ, ਤੁਲਸੀ ਪੱਤਰ, ਰੋਲੀ, ਚੰਦਨ, ਲੌਂਗ, ਨਾਰੀਅਲ, ਸਿੱਕੇ, ਕਾਜਲ, ਦਹੀਸ਼ਰੀਫਾ, ਧੂਫ, ਫੁੱਲ, ਚੌਲ, ਗੰਗਾ ਜਲ, ਹਲਦੀ, ਸ਼ਹਿਦ ਅਤੇ ਕਪੂਰ ਆਦਿ ਦਾ ਇਸਤੇਮਾਲ ਕਰਨਾ ਫਲਦਾਇਕ ਸਾਬਤ ਹੁੰਦਾ ਹੈ। 
ਪੂਜਾ ਦਾ ਸਮਾਂ
ਧਨਤੇਰਸ ਤਿਉਹਾਰ ਦਾ ਸ਼ੁਭ ਆਰੰਭ 17 ਅਕਤੂਬਰ 2017 ਨੂੰ ਰਾਤ 12.26 ਮਿੰਟ 'ਤੇ ਹੋਵੇਗਾ, ਜੋ 18 ਅਕਤੂਬਰ, 2017 ਨੂੰ 12.08 ਮਿੰਟ ਤੱਕ ਰਹੇਗਾ। ਇਸ ਦੌਰਾਨ ਪੂਜਾ ਦਾ ਸਮਾਂ ਸ਼ਾਮ 7.19 ਤੋਂ ਰਾਤ 8.17 ਵਜੇ ਤੱਕ, ਪ੍ਰਦੋਸ਼ ਕਾਲ ਸ਼ਾਮ 5.45 ਤੋਂ ਰਾਤ 8.17 ਵਜੇ ਤੱਕ, ਵ੍ਰਿਸ਼ਭ ਕਾਲ ਸ਼ਾਮ 7.19 ਤੋਂ ਰਾਤ 9.14 ਵਜੇ ਤੱਕ ਅਤੇ ਰਾਹੁ ਕਾਲ ਸ਼ਾਮ 3 ਵਜੇ ਤੋਂ 4.30 ਮਿੰਟ ਤੱਕ ਹੋਵੇਗਾ।
ਜਗਾਓ ਯਮਰਾਜ ਦੇ ਦੀਪ
ਇਸ ਦਿਨ ਮੌਤ ਦੇ ਦੇਵਤਾ ਯਮਰਾਜ ਦੇ ਨਾਂ 'ਤੇ ਘਰ ਦੇ ਬਾਹਰ ਇਕ ਦੀਵਾ ਜਗਾ ਕੇ ਬਾਹਰ ਰੱਖਣ ਦੀ ਵੀ ਪ੍ਰਥਾ ਹੈ। ਦੀਵਾ ਜਗਾ ਕੇ ਸ਼ਰਧਾ ਭਾਵ ਨਾਲ ਯਮਰਾਜ ਨੂੰ ਨਮਨ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਅਕਾਲ ਮੌਤ ਦੀ ਸੰਭਾਵਨਾਂ ਘੱਟ ਰਹਿੰਦੀ ਹੈ।  
ਨਵੇਂ ਬਰਤਨਾਂ ਅਤੇ ਗਹਿਣੇ ਖਰੀਦਣ ਦਾ ਖਾਸ ਮਹੱਤਵ
ਧਨਤੇਰਸ ਮੌਕੇ 'ਤੇ ਨਵੇਂ ਬਰਤਨਾਂ ਅਤੇ ਸੋਨੇ-ਚਾਂਦੀ ਦੇ ਗਹਿਣੇ ਖਰੀਣ ਦਾ ਰਿਵਾਜ ਹੈ, ਅਜਿਹਾ ਮੰਨਿਆਂ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਧਨ ਦੀ ਸਾਰਾ ਸਾਲ ਕਮੀ ਨਹੀਂ ਹੁੰਦੀ ਹੈ। ਪੁਰਾਤਨ ਮਾਨਤਾਵਾਂ ਮੁਤਾਬਕ ਭਗਵਾਨ ਧਨਵੰਤਰੀ ਜਦੋਂ ਪ੍ਰਗਟ ਹੋਏ ਸੀ ਉਸ ਸਮੇਂ ਉਨ੍ਹਾਂ ਦੇ ਹੱਥ 'ਚ ਅਮ੍ਰਿਤ ਨਾਲ ਭਰਿਆ ਕਲਸ਼ ਸੀ। ਕਲਸ਼ ਨੂੰ ਪ੍ਰਤੀਕ ਮੰਨ ਕੇ ਲੋਕ ਸਦੀਆਂ ਤੋਂ ਇਸ ਦਿਨ ਨਵੇਂ ਬਰਤਨ ਖਰੀਦਦੇ ਹਨ।