ਕੋਰੋਨਾ ਕਾਲ: ਇਕ ਦਿਨ ’ਚ ਪਹਿਲੀ ਵਾਰ 13 ਹਜ਼ਾਰ ਸ਼ਰਧਾਲੂਆਂ ਨੇ ਕੀਤੇ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ

12/29/2020 5:25:47 PM

ਜੰਮੂ– ਦੇਸ਼ ’ਚ ਕੋਰੋਨਾ ਦਾ ਟੀਕਾਕਰਣ ਜਲਦ ਸ਼ੁਰੂ ਹੋਣ ਵਾਲਾ ਹੈ। ਇਸ ਦੇ ਨਾਲ ਹੀ ਧਾਰਮਿਕ ਸਥਾਨਾਂ ’ਤੇ ਸ਼ਰਧਾਲੂਆਂ ਦੀ ਭੀੜ ਵੀ ਲਗਾਤਾਰ ਵਧ ਰਹੀ ਹੈ। ਕੋਰੋਨਾ ਕਾਲ ਦੇ 9 ਮਹੀਨਿਆਂ ’ਚ ਪਹਿਲੀ ਵਾਰ ਮਾਤਾ ਵੈਸ਼ਣੋ ਦੇਵੀ ਦਾ ਦਰਬਾਰ ਸ਼ਰਧਾਲੂਆਂ ਨਾਲ ਗੁਲਜ਼ਾਰ ਹੋਇਆ ਹੈ। ਬਾਜ਼ਾਰਾਂ ’ਚ ਰੌਣਕ ਵਿਖਾਈ ਦੇ ਰਹੀ ਹੈ। ਇਥੇ ਬੇਸ ਕੈਂਪ ਦੇ ਰਜਿਸਟ੍ਰੇਸ਼ਨ ਕਾਊਂਟਰ ’ਤੇ ਤਿੰਨ ਦਿਨਾਂ ’ਚ ਸ਼ਰਧਾਲੂਆਂ ’ਚ ਕਾਫੀ ਵਾਧਾ ਦਰਜ ਕੀਤਾ ਗਿਆ ਹੈ। 

23 ਦਸੰਬਰ ਨੂੰ 6500 ਤੋਂ ਜ਼ਿਆਦਾ ਸ਼ਰਧਾਲੂਆਂ ਨੇ ਵਿਸ਼ੇਸ਼ ਪੂਜਾ ਕੀਤੀ। 25 ਦਸੰਬਰ ਦੀ ਸ਼ਾਮ ਨੂੰ ਇਹ ਅੰਕੜਾ 10 ਹਜ਼ਾਰ ਪਾਰ ਕਰ ਗਿਆ। 27 ਦਸੰਬਰ ਨੂੰ ਤਾਂ ਕੋਰੋਨਾ ਕਾਲ ’ਚ ਸਭ ਤੋਂ ਜ਼ਿਆਦਾ 13 ਹਜ਼ਾਰ ਸ਼ਰਧਾਲੂ ਦਰਸ਼ਨਾਂ ਲਈ ਪੁੱਜੇ। ਸ਼ਰਧਾਲੂਆਂ ਦੀ ਗਿਣਤੀ ਵੇਖ ਕੇ ਟੂਰ ਆਪੇਟਰ ਅਤੇ ਹੋਟਲ ਇੰਡਸਟਰੀ ਨੂੰ ਉਮੀਦ ਜਾਗ ਉਠੀ ਹੈ ਕਿ ਜਲਦ ਹੀ ਪਹਿਲਾਂ ਵਰਗੀ ਰੌਣਕ ਹੋਵੇਗੀ। 

ਅੰਤਰਰਾਸ਼ਟਰੀ ਬੱਸਾਂ ਸ਼ੁਰੂ ਨਾ ਹੋਣ ਕਾਰਨ ਨਹੀਂ ਪਹੁੰਚ ਪਾ ਰਹੇ ਸ਼ਰਧਾਲੂ
ਕੋਵਿਡ-19 ਦੀਆਂ ਪਾਬੰਦੀਆਂ ਦੇ ਚਲਦੇ ਪਹਿਲਾਂ ਆਨਲਾਈਨ ਰਜਿਸਟ੍ਰੇਸ਼ਨ ਨਾਲ ਹੀ ਯਾਤਰਾ ਦੀ ਮਨਜ਼ੂਰੀ ਸੀ। 1 ਨਵੰਬਰ ਤੋਂ ਰੋਜ਼ਾਨਾ 15 ਹਜ਼ਾਰ ਲੋਕਾਂ ਦੀ ਲਿਮਿਟ ਤੈਅ ਕੀਤੀ ਗਈ। ਸ਼ਰਧਾਲੂਆਂ ਦੀ ਗਿਣਤੀ ਵਧਦੇ ਵੇਖ ਕੇ ਸ਼ਰਾਈਨ ਬੋਰਡ ਸਪਾਟ ਰਜਿਸਟ੍ਰੇਸ਼ਨ ਕਰਨ ਲੱਗਾ। ਹਾਲਾਂਕਿ, ਅੰਤਰਰਾਸ਼ਟਰੀ ਬੱਸ ਸੇਵਾ ਸ਼ੁਰੂ ਨਾ ਹੋਣ ਅਤੇ ਸੀਮਿਤ ਟ੍ਰੇਨਾਂ ਹੋਣ ਕਾਰਨ ਸ਼ਰਧਾਲੂ ਨਹੀਂ ਆ ਪਾ ਰਹੇ ਹਨ। ਕਟਰਾ ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਰਕੇਸ਼ ਵਜੀਰ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸ਼ਰਧਾਲੂਆਂ ਦੀ ਲਿਮਟ ਹਟਾ ਦਿੱਤੀ ਜਾਵੇ।

ਨਵੇਂ ਸਾਲ ’ਚ 5 ਟ੍ਰੇਨਾਂ ਸ਼ੁਰੂ ਕਰੇਗਾ ਰੇਲਵੇ 
ਹਾਲਾਂਕਿ, ਨਿਯਮਿਤ ਟ੍ਰੇਨ ਸੇਵਾ ਸ਼ੁਰੂ ਹੋਣ ਨਾਲ ਵੀ ਸ਼ਰਧਾਲੂ ਵਧਣ ਦੀ ਉਮੀਦ ਹੈ। ਰੇਲਵੇ ਨਵੇਂ ਸਾਲ ’ਚ 5 ਹੋਰ ਟ੍ਰੇਨਾਂ ਸ਼ੁਰੂ ਕਰਨ ਜਾ ਰਹੀ ਹੈ। ਰਕੇਸ਼ ਵਜੀਰ ਨੇ ਦੱਸਿਆ ਕਿ ਫਿਲਹਾਲ ਸ਼ਰਧਾਲੂ ਉਸੇ ਦਿਨ ਪਰਤ ਰਹੇ ਹਨ। ਕੁਝ ਲੋਕ ਹੋਟਲ ’ਚ ਰੁੱਕ ਰਹੇ ਹਨ। ਇਕ ਹੋਟਲ ’ਚ ਸੁਪਰਵਾਈਜਰ ਅੰਕੁਸ਼ ਕੁਮਾਰ ਦੱਸਦੇ ਹਨ, ‘ਰੋਜ਼ਾਨਾ ਗਾਹਕਾਂ ਦੇ ਫੋਨ ਆ ਰਹੇ ਹਨ। ਉਹ ਆਉਣਾ ਚਾਹੁੰਦੇ ਹਨ ਪਰ ਬੱਸ ਸੇਵਾ ਨਾ ਹੋਣ ਕਾਰਨ ਅਟਕੇ ਹਨ।’

ਓਧਰ, ਸ਼ਰਾਈਨ ਬੋਰਡ ਦੇ ਸੀ.ਈ.ਓ. ਰਮੇਸ਼ ਕੁਮਾਰ ਨੇ ਦੱਸਿਆ ਕਿ ਨਵੇਂ ਸਾਲ ’ਤੇ ਵਿਸ਼ੇਸ਼ ਪੂਜਾ ਲਈ ਔਸਤਨ 50 ਹਜ਼ਾਰ ਸ਼ਰਧਾਲੂ ਪਹੁੰਚਦੇ ਸਨ, ਘਰ ਬੈਠੇ ਆਰਤੀ ਦੇ ਲਾਈਵ ਦਰਸ਼ਨ ਲਈ ਮੋਬਾਇਲ ਐਪ ਅਤੇ ਪ੍ਰਸਾਦ ਦੀ ਹੋਮ ਡਿਲੀਵਰੀ ਦੀ ਵਿਵਸਥਾ ਕੀਤੀ ਗਈ ਸੀ। ਹੁਣ ਤਕ ਪ੍ਰਸਾਦ ਦੇ 15 ਹਜ਼ਾਰ ਪੈਕੇਟ ਡਿਲੀਵਰ ਕੀਤੇ ਜਾ ਚੁੱਕੇ ਹਨ। 

ਤ੍ਰਿਕੁਟ ਪਹਾੜੀ ’ਤੇ ਮੌਸਮ ਦੀ ਪਹਿਲੀ ਬਰਫਬਾਰੀ
ਇਧਰ, ਤ੍ਰਿਕੁਟ ਪਹਾੜੀ ’ਤੇ ਐਤਵਾਰ ਨੂੰ ਮੌਸਮ ਦੀ ਪਹਿਲੀ ਬਰਫਬਾਰੀ ਹੋਈ। ਸ਼ਾਮ ਨੂੰ 5:30 ਵਜੇ ਤੋਂ ਸ਼ੁਰੂ ਹੋਈ ਬਰਫਬਾਰੀ ਅੱਧੇ ਘੰਟੇ ਤਕ ਜਾਰੀ ਰਹੀ। ਹਾਲਾਂਕਿ, ਇਸ ਨਾਲ ਦਰਸ਼ਨ ਵਿਵਸਥਾ ’ਤੇ ਅਸਰ ਨਹੀਂ ਪਿਆ। ਭਾਰੀ ਬਰਫਬਾਰੀ ਦੇ ਬਾਵਜੂਦ ਵੀ ਰੋਜ਼ਾਨਾ ਕਰੀਬ 10 ਹਜ਼ਾਰ ਸ਼ਰਧਾਲੂ ਮਾਤਾ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ। 

Rakesh

This news is Content Editor Rakesh