ਡੇਰਾ ਮੁਖੀ ਨੇ ਦਿੱਤੀ ਸੀ 10 ਲੱਖ ਦੀ ਸੁਪਾਰੀ, ਰਾਜੋਆਣਾ ਨੇ ਬਚਾਇਆ : ਵਿਸ਼ਵਾਸ ਗੁਪਤਾ

09/23/2017 1:30:58 AM

ਚੰਡੀਗੜ— ਹਨੀਪ੍ਰੀਤ ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਨੇ ਖੁਲਾਸਾ ਕੀਤਾ ਹੈ ਕਿ ਸਾਲ 2011 ਦੌਰਾਨ ਜਦੋਂ ਉਹ ਧੋਖਾਦੇਹੀ ਦੇ ਇਕ ਮਾਮਲੇ ਵਿਚ ਪਟਿਆਲਾ ਜੇਲ ਵਿਚ ਬੰਦ ਸੀ ਤਾਂ ਡੇਰਾ ਮੁਖੀ ਰਾਮ ਰਹੀਮ ਨੇ 10  ਲੱਖ ਰੁਪਏ ਦੀ ਸੁਪਾਰੀ ਦੇ ਕੇ ਉਸ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਉਦੋਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ ਵਿਚ ਜੇਲ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਹੀ ਉਸ ਨੂੰ ਬਚਾਇਆ। ਇਸ ਲਈ ਉਹ ਉਸ ਦੇ ਲਈ ਭਗਵਾਨ ਦੇ ਬਰਾਬਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਲ ਵਿਚ ਕਈ ਵਾਰ ਮਾਰਨ ਦਾ ਯਤਨ ਕੀਤਾ ਗਿਆ ਪਰ ਹਰ ਵਾਰ ਰਾਜੋਆਣਾ ਨੇ ਬਚਾ ਲਿਆ।
ਡੇਰਾ ਮੁਖੀ ਰਾਮ ਰਹੀਮ ਨੂੰ ਜੇਲ ਹੋਣ ਤੋਂ ਬਾਅਦ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਵਿਸ਼ਵਾਸ ਗੁਪਤਾ ਨੇ ਪੱਤਰਕਾਰਾਂ ਦੇ ਸਾਹਮਣੇ ਕਈ ਖੁਲਾਸੇ ਕੀਤੇ। ਉਨ੍ਹਾਂ ਇਥੋਂ ਤਕ ਕਿਹਾ ਕਿ ਮੀਡੀਆ ਦੇ ਸਾਹਮਣੇ ਆਉਣ ਤੋਂ ਬਾਅਦ ਹੋ ਸਕਦਾ ਹੈ ਕਿ ਉਹ ਹੁਣ ਜ਼ਿੰਦਾ ਨਾ ਬਚ ਸਕਣ। ਵਿਸ਼ਵਾਸ ਗੱਲ ਕਰਦਾ-ਕਰਦਾ ਕਾਫੀ ਘਬਰਾਇਆ ਹੋਇਆ ਸੀ। ਇਸ ਦੌਰਾਨ ਕਈ ਵਾਰ ਉਹ ਰੋ ਪਿਆ ਅਤੇ ਉਸ ਨੂੰ ਚੱਕਰ ਆਉਣ ਲੱਗ ਅਤੇ ਉਹ ਪੱਤਰਕਾਰ ਸੰਮੇਲਨ ਵਿਚ ਹੀ ਛੱਡ ਕੇ ਚਲਾ ਗਿਆ। ਵਿਸ਼ਵਾਸ ਅਤੇ ਉਨ੍ਹਾਂ ਦੇ ਪਿਤਾ ਨੇ ਦਾਅਵਾ ਕੀਤਾ ਕਿ ਰਾਮ ਰਹੀਮ ਨੇ ਉਨ੍ਹਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਹੜੱਪ ਲਈ ਸੀ, ਜਿਸ ਨੂੰ ਮੁਕਤ ਕਰਵਾਉਣ ਲਈ ਹੁਣ ਉਹ ਕਾਨੂੰਨ ਦਾ ਸਹਾਰਾ ਲੈਣਗੇ। 


ਸਾਧਵੀਆਂ ਨਾਲ ਸੈਕਸ ਸੋਸ਼ਣ ਬਾਰੇ ਪੁੱÎਛਣ 'ਤੇ ਵਿਸ਼ਵਾਸ ਨੇ ਕਿਹਾ ਕਿ ਸਾਲ 2009 ਤਕ ਇਹ ਸਭ ਹੁੰਦਾ ਰਿਹਾ ਪਰ ਜਦੋਂ ਹਨੀਪ੍ਰੀਤ ਡੇਰਾ ਮੁਖੀ ਦੀ ਜ਼ਿੰਦਗੀ ਵਿਚ ਆਈ, ਉਸ ਤੋਂ ਬਾਅਦ ਅਜਿਹਾ ਨਹੀਂ ਹੋਇਆ ਹੋਵੇਗਾ। ਉਨ੍ਹਾਂ ਕਿਹਾ ਕਿ ਹਨੀਪ੍ਰੀਤ ਡੇਰਾ ਮੁਖੀ ਨਾਲ ਸਾਢੇ 23 ਘੰਟੇ ਰਹਿੰਦੀ ਸੀ। ਅਜਿਹੇ 'ਚ ਡੇਰਾ ਮੁਖੀ ਨਾਲ ਕਿਸੇ ਹੋਰ ਨੂੰ ਕਿਵੇਂ ਬਰਦਾਸ਼ਤ ਕਰ ਸਕਦੀ ਸੀ। ਵਿਸ਼ਵਾਸ ਨੇ ਦੱਸਿਆ ਕਿ ਉਹ ਡੇਰੇ ਵਿਚ ਸੀਡ ਫੈਕਟਰੀ ਦਾ ਸੰਚਾਲਕ ਸੀ। ਉਸ ਦੇ ਦਸਤਖਤ ਵਾਲੀ ਖਾਲੀ ਚੈੱਕ ਬੁੱਕ ਉਥੇ ਰਹਿੰਦੀ ਸੀ, ਜਿਸ ਦੇ ਆਧਾਰ 'ਤੇ ਉਸ ਨੂੰ ਝੂਠੇ ਕੇਸਾਂ ਵਿਚ ਫਸਾਇਆ ਗਿਆ ਸੀ।