ਦਿੱਲੀ: ਭੈਣ ਨੂੰ ਭਰਾ ਨੇ 2 ਸਾਲ ਤੱਕ ਰੱਖਿਆ ਬੰਦ, ਜਾਣੋ ਕਿਉਂ

09/19/2018 11:19:16 AM

ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇਕ ਦਿਲ ਨੂੰ ਕੰਬਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਿੱਲੀ ਮਹਿਲਾ ਕਮਿਸ਼ਨ ਨੇ ਮੰਗਲਵਾਰ ਨੂੰ ਉੱਤਰੀ ਦਿੱਲੀ ਦੇ ਰੋਹਿਣੀ ਤੋਂ ਇਕ 50 ਸਾਲਾ ਔਰਤ ਨੂੰ ਬਚਾਇਆ ਹੈ। ਮਹਿਲਾ ਨੂੰ ਪਿਛਲੇ 2 ਸਾਲ ਤੋਂ ਉਸ ਦੇ ਭਰਾ ਨੇ ਘਰ 'ਚ ਕੈਦ ਕਰਕੇ ਰੱਖਿਆ ਹੋਇਆ ਸੀ ਅਤੇ ਖਾਣ ਲਈ ਹਰ ਚਾਰ ਦਿਨ 'ਚ ਸਿਰਫ ਇਕ ਬਰੈੱਡ ਹੀ ਖਾਣ ਨੂੰ ਦਿੰਦਾ ਸੀ।

ਇਸ ਕੇਸ ਦੇ ਬਾਰੇ 'ਚ ਜਾਣਕਾਰੀ ਦਿੰਦੇ ਹੋਏ ਦਿੱਲੀ ਮਹਿਲਾ ਕਮਿਸ਼ਨ ਦੇ ਮੁਖੀ ਸਵਾਤੀ ਮਾਲੀਵਾਲ ਨੇ ਦੱਸਿਆ ਕਿ ਮਹਿਲਾ ਦੀ ਉਮਰ ਸਿਰਫ 50 ਸਾਲ ਹੈ ਪਰ ਉਸ ਦੀ ਹਾਲਤ ਇਸ ਤਰ੍ਹਾਂ ਹੋ ਗਈ ਹੈ ਜਿਸ ਤਰ੍ਹਾਂ ਉਹ 90 ਸਾਲ ਦੀ ਹੋ ਗਈ ਹੋਵੇ। ਉਨ੍ਹਾਂ ਨੇ ਦੱਸਿਆ ਕਿ ਭੁੱਖ ਕਾਰਨ ਉਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹੋ ਗਈਆਂ ਹਨ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਕਿਸੇ ਵੀ ਗੁਆਂਢੀ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਨਹੀਂ ਦਿੱਤੀ। ਕੋਈ ਭਰਾ ਆਪਣੀ ਭੈਣ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਿਸ ਤਰ੍ਹਾਂ ਕਰ ਸਕਦਾ ਹੈ। ਮਾਲੀਵਾਲ ਨੇ ਅਪੀਲ ਕੀਤੀ ਜੇਕਰ ਅਜਿਹੇ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਲੋਕਾਂ ਨੂੰ ਪੁਲਸ ਨੂੰ ਦੱਸਣਾ ਚਾਹੀਦਾ ਹੈ।

ਇਸ ਮਾਮਲੇ ਦਾ ਪਤਾ ਉਦੋਂ ਚੱਲਿਆ ਜਦੋਂ ਮਹਿਲਾ ਦੇ ਦੂਜੇ ਭਰਾ ਨੇ ਦਿੱਲੀ ਮਹਿਲਾ ਕਮਿਸ਼ਨ ਦੇ ਹੈਲਪਲਾਈਨ ਨੰਬਰ 'ਤੇ ਫੋਨ ਕੀਤਾ। ਉਨ੍ਹਾਂ ਨੇ ਫੋਨ ਕਰਕੇ ਕਿਹਾ ਸੀ ਕਿ ਉਹ ਦਿਮਾਗੀ ਬੀਮਾਰੀ ਨਾਲ ਜੂਝ ਰਹੀ ਹੈ ਅਤੇ ਭਰਾ ਵੱਲੋਂ ਉਸ ਨੂੰ ਬੰਦ ਕਰਕੇ ਰੱਖਿਆ ਗਿਆ ਹੈ। ਇਸ ਤੋਂ ਬਾਅਦ ਪੁਲਸ ਨੇ ਜਾ ਕੇ ਔਰਤ ਨੂੰ ਛੁਡਾਇਆ।