ਦਿੱਲੀ ਹਿੰਸਾ : ਪ੍ਰੀਖਿਆ ਦੇਣ ਗਈ 8ਵੀਂ ਜਮਾਤ ਦੀ ਵਿਦਿਆਰਥਣ ਸੋਮਵਾਰ ਤੋਂ ਲਾਪਤਾ

02/27/2020 1:00:48 PM

ਨਵੀਂ ਦਿੱਲੀ— ਉੱਤਰ-ਪੂਰਬੀ ਦਿੱਲੀ ’ਚ ਹਿੰਸਾ ਦਰਮਿਆਨ ਖਜ਼ੂਰੀ ਇਲਾਕੇ ’ਚ 3 ਦਿਨ ਪਹਿਲਾਂ ਪ੍ਰੀਖਿਆ ਦੇਣ ਲਈ ਸਕੂਲ ਗਈ 13 ਸਾਲਾ ਕੁੜੀ ਲਾਪਤਾ ਹੈ। ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ 8ਵੀਂ ਜਮਾਤ ਦੀ ਵਿਦਿਆਰਥਣ ਸੋਨੀਆ ਵਿਹਾਰ ’ਚ ਆਪਣੇ ਮਾਤਾ-ਪਿਤਾ ਨਾਲ ਰਹਿੰਦੀ ਹੈ ਅਤੇ ਉਹ ਸੋਮਵਾਰ ਨੂੰ ਸਵੇਰੇ ਆਪਣੇ ਘਰੋਂ ਕਰੀਬ 4.5 ਕਿਲੋਮੀਟਰ ਦੂਰ ਆਪਣੇ ਸਕੂਲ ਗਈ ਸੀ ਪਰ ਉਦੋਂ ਤੋਂ ਵਾਪਸ ਨਹੀਂ ਆਈ। ਰੈਡੀਮੇਡ ਕੱਪੜਿਆਂ ਦਾ ਕਾਰੋਬਾਰ ਕਰਨ ਵਾਲੇ ਉਸ ਦੇ ਪਿਤਾ ਨੇ ਕਿਹਾ,‘‘ਮੈਂ ਸ਼ਾਮ 5.20 ਵਜੇ ਉਸ ਨੂੰ ਸਕੂਲ ਲੈਣ ਜਾਣਾ ਸੀ ਪਰ ਮੈਂ ਸਾਡੇ ਇਲਾਕੇ ’ਚ ਚੱਲ ਰਹੀ ਹਿੰਸਾ ’ਚ ਫਸ ਗਿਆ। ਉਦੋਂ ਤੋਂ ਮੇਰੀ ਬੇਟੀ ਲਾਪਤਾ ਹੈ।’’ 

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਕੁੜੀ ਦੀ ਭਾਲ ਚੱਲ ਰਹੀ ਹੈ। ਮੌਜਪੁਰ ਦੇ ਵਿਜੇ ਪਾਰਕ ਵਾਸੀ ਇਕ ਹੋਰ ਵਿਅਕਤੀ ਨੇ ਦੱਸਿਆ ਕਿ 2 ਦਿਨ ਤੋਂ ਸ਼ਿਵ ਵਿਹਾਰ ਦੇ ਇਕ ਘਰ ’ਚ ਫਸੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਮੰਗਲਵਾਰ ਰਾਤ ਕੋਈ ਸੰਪਰਕ ਨਹੀਂ ਹੋ ਸਕਿਆ ਹੈ। 70 ਸਾਲ ਦੀ ਉਮਰ ਦੇ ਨੇੜੇ-ਤੇੜੇ ਮੁਹੰਮਦ ਸਬੀਰ ਨੇ ਕਿਹਾ,‘‘ਮੇਰਾ ਮਦੀਨ ਮਸਜਿਦ ਕੋਲ ਸ਼ਿਵ ਵਿਹਾਰ ’ਚ ਵੀ ਇਕ ਮਕਾਨ ਹੈ। ਮੇਰੇ 2 ਬੱਚੇ ਉੱਥੇ ਰਹਿੰਦੇ ਹਨ। 2 ਇੱਥੇ ਵਿਜੇ ਪਾਰਕ ’ਚ ਮੇਰੇ ਨਾਲ ਰਹਿੰਦੇ ਹਨ। ਇਲਾਕੇ ’ਚ ਹਿੰਸਾ ਕਾਰਨ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਇਲਾਕੇ ’ਚ ਸਥਿਤੀ ਤਣਾਅਪੂਰਨ ਅਤੇ ਪੁਲਸ ਤੋਂ ਮੇਰੀ ਅਪੀਲ ਹੈ ਕਿ ਕ੍ਰਿਪਾ ਸਾਡੀ ਮਦਦ ਕਰੋ।’’ ਦੱਸਣਯੋਗ ਹੈ ਕਿ ਹਿੰਸਾ ’ਚ ਹੁਣ ਤੱਕ 34 ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਵਧ ਜ਼ਖਮੀ ਹੋਏ ਹਨ।

DIsha

This news is Content Editor DIsha