ਦਿੱਲੀ ''ਚ 40 ਸਾਲ ਬਾਅਦ ਜੁਲਾਈ ''ਚ ਪਿਆ ਰਿਕਾਰਡ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ

07/09/2023 11:24:00 AM

ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਰਾਜਧਾਨੀ 'ਚ ਐਤਵਾਰ ਸਵੇਰੇ 8 ਵਜੇ ਖ਼ਤਮ ਹੋਈ 24 ਘੰਟੇ ਦੀ ਮਿਆਦ 'ਚ 153 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ 1982 ਦੇ ਬਾਅਦ ਤੋਂ ਇੱਥੇ ਜੁਲਾਈ 'ਚ ਇਕ ਦਿਨ 'ਚ ਪਿਆ ਸਭ ਤੋਂ ਵੱਧ ਮੀਂਹ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਨੇ ਇਹ ਜਾਣਕਾਰੀ ਦਿੱਤੀ। ਆਈ.ਐੱਮ.ਡੀ. ਅਨੁਸਾਰ ਪੱਛਮੀ ਗੜਬੜ ਅਤੇ ਮਾਨਸੂਨ ਹਵਾਵਾਂ ਕਾਰਨ ਉੱਤਰ-ਪੱਛਮ ਭਾਰਤ 'ਚ ਭਾਰੀ ਮੀਂਹ ਪਿਆ ਅਤੇ ਦਿੱਲੀ 'ਚ ਮੌਸਮ ਦਾ ਪਹਿਲਾ 'ਬੇਹੱਦ ਭਾਰੀ ਮੀਂਹ' ਦਰਜ ਕੀਤਾ ਗਿਆ। ਆਈ.ਐੱਮ.ਡੀ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਫ਼ਦਰਜੰਗ ਵੇਧਸ਼ਾਲਾ 'ਚ ਐਤਵਾਰ ਸਵੇਰੇ 8 ਵਜੇ ਤੱਕ ਪਿਛਲੇ 24 ਘੰਟਿਆਂ 'ਚ 153 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ 25 ਜੁਲਾਈ 1982 ਨੂੰ ਇਕ ਦਿਨ 'ਚ ਦਰਜ ਕੀਤਾ ਗਿਆ 169.9 ਮਿਲੀਮੀਟਰ ਮੀਂਹ ਦੇ ਬਾਅਦ ਤੋਂ ਸਭ ਤੋਂ ਵੱਧ ਹੈ।

ਅਧਿਕਾਰੀ ਅਨੁਸਾਰ ਸ਼ਹਿਰ 'ਚ 10 ਜੁਲਾਈ 2003 ਨੂੰ 133.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ ਅਤੇ 21 ਜੁਲਾਈ 1958 ਨੂੰ ਇੱਥੇ ਹੁਣ ਤੱਕ ਦਾ ਸਭ ਤੋਂ ਵੱਧ 266.2 ਮਿਲੀਮੀਟਰ ਮੀਂਹ ਪਿਆ ਸੀ। ਮੌਸਮ ਵਿਭਾਗ ਨੇ ਦਿੱਲੀ 'ਚ ਮੱਧਮ ਮੀਂਹ ਦੀ ਭਵਿੱਖਬਾਣੀ ਲਗਾਉਂਦੇ ਹੋਏ 'ਯੈਲੋ ਅਲਰਟ' ਜਾਰੀ ਕੀਤਾ ਹੈ। ਰਿਜ, ਲੋਧੀ ਰੋਡ ਅਤੇ ਦਿੱਲੀ ਯੂਨੀਵਰਸਿਟੀ ਦੇ ਮੌਸਮ ਕੇਂਦਰਾਂ 'ਤੇ 134.5 ਮਿਲੀਮੀਟਰ, 123.4 ਮਿਲੀਮੀਟਰ ਅਤੇ 118 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਦਫ਼ਤਰ ਅਨੁਸਾਰ 15 ਮਿਲੀਮੀਟਰ ਤੋਂ ਘੱਟ ਮੀਂਹ 'ਹਲਕਾ', 15 ਮਿਲੀਮੀਟਰ ਤੋਂ 64.5 ਮਿਲੀਮੀਟਰ 'ਮੱਧਮ', 64.5 ਮਿਲੀਮੀਟਰ ਤੋਂ 115.5 ਮਿਲੀਮੀਟਰ 'ਭਾਰੀ' ਅਤੇ 115.6 ਮਿਲੀਮੀਟਰ ਤੋਂ 204.4 ਮਿਲੀਮੀਟਰ 'ਬੇਹੱਦ ਭਾਰੀ' ਮੀਂਹ ਦੀ ਸ਼੍ਰੇਣੀ 'ਚ ਆਉਂਦਾ ਹੈ। ਉੱਥੇ ਹੀ 204.4 ਮਿਲੀਮੀਟਰ ਤੋਂ ਵੱਧ ਮੀਂਹ ਦਰਜ ਹੋਣ 'ਤੇ ਇਸ ਨੂੰ 'ਬੇਹੱਦ ਭਾਰੀ' ਮੀਂਹ ਦੀ ਸ਼੍ਰੇਣੀ 'ਚ ਰੱਖਿਆ ਜਾਂਦਾ ਹੈ।

DIsha

This news is Content Editor DIsha