ਦਿੱਲੀ-ਰੇਲਵੇ ''ਤੇ ਵੀ ਭਾਰੀ ਪਈ ਧੁੰਦ, 41 ਟਰੇਨਾਂ ਲੇਟ ਅਤੇ 10 ਨੂੰ ਕੀਤਾ ਗਿਆ ਕੈਂਸਲ

11/09/2017 10:29:01 AM

ਨਵੀਂ ਦਿੱਲੀ— ਦਿੱਲੀ ਦੀ ਜ਼ਹਿਰੀਲੀ ਹਵਾ ਦਾ ਪੱਧਰ ਘੱਟਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਧੁੰਦ ਨਾਲ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਹਵਾ ਜਿੰਨੀ ਜ਼ਹਿਰੀਲੀ ਹੈ ਕਿ ਜਦੋਂ ਵੀ ਇਸ 'ਚ ਲੋਕ ਬਾਹਰ ਨਿਕਲਦੇ ਹਨ, ਅੱਖਾਂ 'ਚ ਜਲਨ ਹੋਣ ਲੱਗਦੀ ਹੈ। ਫਿਲਹਾਲ ਅਜੇ ਇਸ ਤੋਂ ਰਾਹਤ ਦੇ ਆਸਾਰ ਨਜ਼ਰ ਨਹੀਂ ਆ ਰਹੇ ਹਨ। ਸੰਘਣੀ ਧੁੰਦ ਅਤੇ ਸਮੋਗ ਕਾਰਨ ਆਵਾਜਾਈ 'ਤੇ ਵੀ ਅਸਰ ਪਿਆ ਹੈ। ਧੁੰਦ ਕਾਰਨ ਨਵੀਂ ਦਿੱਲੀ 'ਚ ਕਰੀਬ 41 ਟਰੇਨਾਂ ਲੇਟ ਹੋ ਗਈਆਂ ਹਨ। 9 ਗੱਡੀਆਂ ਦੇ ਸਮੇਂ 'ਚ ਤਬਦੀਲੀ ਕੀਤੀ ਗਈ ਹੈ, ਜਦੋਂ ਕਿ 10 ਟਰੇਨਾਂ ਨੂੰ ਕੈਂਸਲ ਕਰ ਦਿੱਤਾ ਗਿਆ। ਧੁੰਦ ਕਾਰਨ ਬੁੱਧਵਾਰ ਨੂੰ ਵੀ ਕਈ ਸੜਕ ਹਾਦਸੇ ਹੋਏ।
ਰੋਜ਼ਾਨਾ ਸੈਂਕੜੇ ਲੋਕ ਦਿੱਲੀ 'ਚ ਇੰਡੀਆ ਗੇਟ 'ਤੇ ਸਵੇਰ ਦੀ ਸੈਰ ਲਈ ਆਉਂਦੇ ਹਨ ਪਰ ਪਿਛਲੇ 2 ਦਿਨਾਂ ਤੋਂ ਜਾਰੀ ਧੁੰਦ ਕਾਰਨ ਇੰਡੀਆ ਗੇਟ 'ਤੇ ਲੋਕ ਵੀ ਘੱਟ ਗਿਣਤੀ 'ਚ ਦਿਖਾਈ ਦਿੱਤੇ। ਸੈਰ ਕਰਨ ਆਏ ਲੋਕਾਂ ਨੇ ਧੁੰਦ ਕਾਰਨ ਅੱਖਾਂ 'ਚ ਜਲਨ ਅਤੇ ਸਾਹ ਲੈਣ 'ਚ ਪਰੇਸ਼ਾਨੀ ਦੀ ਸ਼ਿਕਾਇਤ ਕੀਤੀ। ਬੱਚਿਆਂ ਦੀ ਸਿਹਤ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਐਤਵਾਰ ਤੱਕ ਸਕੂਲਾਂ 'ਚ ਛੁੱਟੀਆਂ ਦਾ ਐਲਾਨ ਕੀਤਾ ਹੈ।