ਵਿਧਾਇਕਾਂ ਦੀ ਖਰੀਦ-ਫਰੋਖਤ ਦਾ ਮਾਮਲਾ; CM ਕੇਜਰੀਵਾਲ ਨੂੰ ਨੋਟਿਸ ਦੇਣ ਘਰ ਪੁੱਜੀ ਦਿੱਲੀ ਪੁਲਸ

02/03/2024 11:45:09 AM

ਨਵੀਂ ਦਿੱਲੀ- ਦਿੱਲੀ ਪੁਲਸ ਦੀ ਕ੍ਰਾਈਮ ਬਰਾਂਚ ਦੀ ਟੀਮ ਭਾਜਪਾ ਵਲੋਂ ਆਮ ਆਦਮੀ ਪਾਰਟੀ (ਆਪ) ਦੇ ਕੁਝ ਵਿਧਾਇਕਾਂ ਦੀ ਖਰੀਦ-ਫਰੋਖਤ ਕਰਨ ਦੀ ਕੋਸ਼ਿਸ਼ ਕੀਤੇ ਜਾਣ ਸਬੰਧੀ ਦੋਸ਼ਾਂ ਦੀ ਜਾਂਚ ਦੇ ਸਿਲਸਿਲੇ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨੋਟਿਸ ਦੇਣ ਲਈ ਸ਼ੁੱਕਰਵਾਰ ਸਵੇਰੇ ਉਨ੍ਹਾਂ ਦੇ ਘਰ ਪਹੁੰਚੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ACP ਪੱਧਰ ਦੇ ਅਧਿਕਾਰੀ ਦੀ ਅਗਵਾਈ ਵਾਲੀ ਟੀਮ ਉੱਤਰੀ ਦਿੱਲੀ ਦੇ ਸਿਵਲ ਲਾਈਨਜ਼ ਇਲਾਕੇ ਵਿਚ ਸਥਿਤ ਮੁੱਖ ਮੰਤਰੀ ਦੇ ਘਰ ਪਹੁੰਚੀ। ਸੂਤਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੱਲ ਸ਼ਾਮ ਨੋਟਿਸ ਨਹੀਂ ਦਿੱਤਾ ਜਾ ਸਕਿਆ ਕਿਉਂਕਿ ਕੇਜਰੀਵਾਲ ਦੇ ਘਰ ਅਧਿਕਾਰੀਆਂ ਨੇ ਨੋਟਿਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਸੀ।

ਉੱਥੇ ਹੀ ਕ੍ਰਾਈਮ ਬਰਾਂਚ ਦੀ ਟੀਮ ਦਿੱਲੀ ਸਰਕਾਰ ਵਿਚ ਮੰਤਰੀ ਆਤਿਸ਼ੀ ਨੂੰ ਵੀ ਨੋਟਿਸ ਜਾਰੀ ਕਰੇਗੀ। ਹਾਲਾਂਕਿ ਅਜੇ ਉਹ ਦਿੱਲੀ ਤੋਂ ਬਾਹਰ ਹਨ, ਇਸ ਲਈ ਜਦੋਂ ਉਹ ਵਾਪਸ ਆ ਜਾਵੇਗੀ, ਪੁਲਸ ਉਨ੍ਹਾਂ ਨੂੰ ਨੋਟਿਸ ਦੇਵੇਗੀ। ਦੱਸ ਦੇਈਏ ਕਿ ਆਤਿਸ਼ੀ ਨੇ ਦੋਸ਼ ਲਾਇਆ ਸੀ ਕਿ ਭਾਜਪਾ. ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ 25-25 ਕਰੋੜ ਰੁਪਏ ਦਾ ਆਫ਼ਰ ਦੇ ਰਹੀ ਹੈ। ਪਾਰਟੀ ਦੇ 7 ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਸਹੀ ਸਮਾਂ ਆਉਣ 'ਤੇ ਇਕ ਆਡੀਓ ਕਲਿੱਪ ਜਾਰੀ ਕਰਾਂਗੇ।

ਦਰਅਸਲ ਕ੍ਰਾਈਮ ਬਰਾਂਚ ਦੀ ਟੀਮ ਕੇਜਰੀਵਾਲ ਅਤੇ ਆਤਿਸ਼ੀ ਤੋਂ ਜਾਣਨਾ ਚਾਹੇਗੀ ਕਿ ਤੁਸੀਂ ਕਿਸ ਆਧਾਰ 'ਤੇ ਆਪਣੇ ਵਿਧਾਇਕਾਂ ਨੂੰ ਤੋੜਨ ਦਾ ਦੋਸ਼ ਲਾਇਆ ਹੈ। ਜੋ ਦੋਸ਼ ਲਾਏ ਗਏ ਹਨ, ਉਸ ਦੇ ਸਬੰਧ ਵਿਚ ਕੀ ਸਬੂਤ ਹਨ। ਇਸ ਦੇ ਨਾਲ ਹੀ ਜੇਕਰ ਕੋਈ ਸਬੂਤ ਹੈ ਤਾਂ ਕ੍ਰਾਈਮ ਬਰਾਂਚ ਨੂੰ ਦਿਓ, ਕ੍ਰਾਈਮ ਬਰਾਂਚ ਉਸ ਦੀ ਜਾਂਚ ਕਰੇਗੀ।

Tanu

This news is Content Editor Tanu