ਦਿੱਲੀ : ਪੁਲਸ ਸਟੇਸ਼ਨ ''ਚ ਤਾਇਨਾਤ ਕਾਂਸਟੇਬਲ ਨੇ ਖੁਦ ਨੂੰ ਮਾਰੀ ਗੋਲੀ, ਮੌਤ

12/28/2019 11:21:33 AM

ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਧੌਲਾ ਕੁਆਂ ਪੁਲਸ ਸਟੇਸ਼ਨ 'ਚ ਤਾਇਨਾਤ ਇਕ ਪੁਲਸ ਕਰਮਚਾਰੀ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਪੁਲਸ ਕਾਂਸਟੇਬਲ ਦਾ ਨਾਂ ਪਾਰੂਨ ਤਿਆਗੀ ਦੱਸਿਆ ਜਾਂਦਾ ਹੈ। ਘਟਨਾ ਸ਼ੁੱਕਰਵਾਰ ਰਾਤ ਦੀ ਦੱਸੀ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਪਾਰੂਨ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰੀ। ਪਾਰੂਨ ਨੇ ਖੁਦਕੁਸ਼ੀ ਵਰਗਾ ਕਦਮ ਕਿਉਂ ਚੁੱਕਿਆ, ਇਸ ਸੰਬੰਧ 'ਚ ਹੁਣ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਵਿਭਾਗੀ ਸੂਤਰਾਂ ਅਨੁਸਾਰ ਤਾਂ ਜਾਂਚ ਤੋਂ ਬਾਅਦ ਹੀ ਇਸ ਸੰਬੰਧ 'ਚ ਕੋਈ ਕੁਝ ਕਹਿਣ ਦੀ ਹਾਲਤ 'ਚ ਹੋਵੇਗਾ।

ਦੱਸਿਆ ਜਾ ਰਿਹਾ ਹੈ ਕਿ ਸਾਲ 2006 'ਚ ਦਿੱਲੀ ਪੁਲਸ 'ਚ ਭਰਤੀ ਹੋਏ ਪਾਰੂਨ ਦਾ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਹੈ। ਪਾਰੂਨ ਦੀ ਪਤਨੀ ਵੀ ਸਾਲ 2006 ਬੈਚ ਦੀ ਹੀ ਕਾਂਸਟੇਬਲ ਹੈ ਅਤੇ ਉਹ ਤੀਜੀ ਬਟਾਲੀਅਨ 'ਚ ਤਾਇਨਾਤ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਰਾਤ ਦੇ 1.30 ਵਜੇ ਸਮੋਕ (ਸਿਗਰੇਟ) ਕਰਨ ਲਈ ਬਾਹਰ ਨਿਕਲਿਆ ਅਤੇ ਖੁਦ ਨੂੰ ਗੋਲੀ ਮਾਰ ਲਈ। ਇਸ ਮਾਮਲੇ 'ਚ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਜੂਨ ਮਹੀਨੇ 'ਚ ਵੀ ਦਿੱਲੀ ਪੁਲਸ ਦੇ ਇਕ ਕਾਂਸਟੇਬਲ 34 ਸਾਲਾ ਕੁਲਬੀਰ ਸਿੰਘ ਨੇ ਵੀ ਖੁਦਕੁਸ਼ੀ ਕਰ ਲਈ ਸੀ। ਕੁਲਬੀਰ ਨੇ ਕੰਝਾਵਲਾ ਇਲਾਕੇ 'ਚ ਆਪਣੇ ਘਰ 'ਚ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਕੁਲਬੀਰ ਦਿੱਲੀ ਪੁਲਸ ਦੀ ਪੀ.ਸੀ.ਆਰ. 'ਚ ਕਾਂਸਟੇਬਲ (ਡਰਾਈਵਰ) ਦੇ ਅਹੁਦੇ 'ਤੇ ਤਾਇਨਾਤ ਸਨ।

DIsha

This news is Content Editor DIsha