ਦਿੱਲੀ : JNU 'ਚ ਫੀਸ ਵਾਧੇ ਵਿਰੁੱਧ ਵਿਦਿਆਰਥੀਆਂ ਦਾ ਹੰਗਾਮਾ, ਪੁਲਸ ਨਾਲ ਝੜਪ

11/11/2019 12:20:32 PM

ਨਵੀਂ ਦਿੱਲੀ— ਫੀਸ 'ਚ ਵਾਧੇ ਸਮੇਤ ਕਈ ਮੁੱਦਿਆਂ 'ਤੇ ਬੀਤੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਹੁਣ ਦਿੱਲੀ ਦੀਆਂ ਸੜਕਾਂ 'ਤੇ ਉਤਰ ਆਏ ਹਨ। ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਰੋਹ ਨੂੰ ਕੈਂਪਸ ਤੋਂ ਬਾਹਰ ਆਯੋਜਿਤ ਕੀਤੇ ਜਾਣ ਤੋਂ ਵਿਦਿਆਰਥੀ ਨਾਰਾਜ਼ ਹਨ। ਫੀਸ 'ਚ ਵਾਧੇ ਅਤੇ ਡਿਗਰੀ ਫੰਡ ਸਮਾਰੋਹ ਦੇ ਵਿਰੋਧ 'ਚ ਵਿਦਿਆਰਥੀ ਯੂਨੀਵਰਸਿਟੀ ਤੋਂ ਲੈ ਕੇ ਵਸੰਤ ਕੁੰਜ ਸਥਿਤ ਪ੍ਰੋਗਰਾਮ ਸਥਾਨ ਤੱਕ ਮਾਰਚ ਕੱਢ ਰਹੇ ਹਨ। ਇਸ ਦੌਰਾਨ ਦਿੱਲੀ ਪੁਲਸ ਨੇ ਸੁਰੱਖਿਆ ਬੇਹੱਦ ਸਖਤ ਕਰ ਰੱਖੀ ਹੈ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਅਤੇ ਪੁਲਸ ਦਰਮਿਆਨ ਤਿੱਖੀ ਝੜਪਾਂ ਅਤੇ ਧੱਕਾ-ਮੁੱਕੀ ਵੀ ਦੇਖਣ ਨੂੰ ਮਿਲੀ। ਕਈ ਮੌਕਿਆਂ 'ਤੇ ਸਥਿਤੀ ਇੰਨੀ ਵਿਗੜ ਗਈ ਕਿ ਪੁਲਸ ਨੂੰ ਵਿਦਿਆਰਥੀ ਭੀੜ ਨੂੰ ਕੰਟਰੋਲ ਕਰਨ ਲਈ ਵਾਟਰ ਕੈਨਨ ਦੀ ਵਰਤੋਂ ਵੀ ਕਰਨੀ ਪਈ।
ਪੁਲਸ ਨੇ ਬੈਰੀਕੇਡ ਲਗਾ ਕੇ ਵਿਦਿਆਰਥੀਆਂ ਨੂੰ ਰੋਕਿਆ
ਦਰਅਸਲ ਵਿਦਿਆਰਥੀ ਯੂਨੀਵਰਸਿਟੀ ਕੈਂਪਸ ਤੋਂ ਡਿਗਰੀ ਵੰਡ ਸਮਾਰੋਹ ਕੈਂਪਸ ਤੱਕ ਮਾਰਚ ਕਰਨਾ ਚਾਹੁੰਦੇ ਹਨ ਪਰ ਪੁਲਸ ਨੇ ਉਨ੍ਹਾਂ ਨੂੰ ਪ੍ਰੋਗਰਾਮ ਸਥਾਨ ਤੱਕ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਿਆ। ਪੁਲਸ ਨੇ ਬੈਰੀਕੇਡ ਲਗਾ ਕੇ ਵਿਦਿਆਰਥੀਆਂ ਨੂੰ ਰੋਕਿਆ ਹੈ। ਕਰੀਬ 12 ਵਜੇ ਤੋਂ ਬਾਅਦ ਪੁਲਸ ਐਡੀਸ਼ਨਲ ਪੁਲਸ ਫੋਰਸ ਨੂੰ ਵੀ ਮੌਕੇ 'ਤੇ ਬੁਲਾ ਲਿਆ। ਪੁਲਸ ਨੇ ਨੇੜੇ-ਤੇੜੇ ਦੇ ਇਲਾਕਿਆਂ ਦੀ ਸਖਤ ਸੁਰੱਖਿਆ ਕੀਤੀ ਹੋਈ ਹੈ। ਅਖਿਲ ਭਾਰਤੀ ਤਕਨੀਕੀ ਸਿੱਖਿਆ ਪ੍ਰੀਸ਼ਦ (ਏ.ਆਈ.ਸੀ.ਟੀ.ਈ.) 'ਚ ਹੋਣ ਵਾਲੇ ਜੇ.ਐੱਨ.ਯੂ. ਦੇ ਡਿਗਰੀ ਵੰਡ ਸਮਾਰੋਹ (ਕਾਨਵੋਕੇਸ਼ਨ ਪ੍ਰੋਗਰਾਮ) 'ਚ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਸਿੱਖਿਆ ਮੰਤਰੀ ਰਮੇਸ਼ ਪੋਖਰਿਆ ਨਿਸ਼ੰਕ ਵੀ ਮੌਜੂਦ ਹਨ।
 

ਇਹ ਹੈ ਵਿਦਿਆਰਥੀਆਂ ਦੀ ਮੰਗ
ਵਿਦਿਆਰਥੀਆਂ ਦੀਆਂ ਤਿੰਨ ਮੰਗਾਂ ਹਨ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਹਨ, ਉਦੋਂ ਤੱਕ ਉਹ ਪ੍ਰਦਰਸ਼ਨ ਬੰਦ ਨਹੀਂ ਕਰਨਗੇ। ਵਿਦਿਆਰਥੀਆਂ ਦੀ ਪਹਿਲੀ ਮੰਗ ਹੈ ਕਿ ਉਨ੍ਹਾਂ ਦੀ  ਫੀਸ 'ਚ ਵਾਧੇ ਦੇ ਫੈਸਲੇ ਨੂੰ ਵਾਪਸ ਲਿਆ ਜਾਵੇ। ਦੂਜੀ ਮੰਗ ਹੈ ਕਿ ਹੋਸਟਲ 'ਚ ਕਰਫਿਊ ਟਾਈਮਿੰਗ ਦੇ ਨਿਯਮ ਨੂੰ ਬਦਲਿਆ ਜਾਵੇ ਅਤੇ ਤੀਜੀ ਮੰਗ ਹੈ ਕਿ ਡਰੈੱਸ ਕੋਡ ਦਾ ਨਿਯਮ ਲਾਗੂ ਨਾ ਕੀਤਾ ਜਾਵੇ। ਇਸ ਤੋਂ ਇਲਾਵਾ ਵਿਦਿਆਰਥੀ ਹੋਸਟਲ ਸਹੂਲਤਾਂ 'ਤੇ ਸਰਵਿਸ ਚਾਰਜ ਵਧਾਉਣ ਅਤੇ ਕਈ ਹੋਰ ਮੰਗਾਂ ਨੂੰ ਲੈ ਕੇ ਵੀ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦਾ ਵਿਰੋਧ ਅੱਜ ਦੇ ਡਿਗਰੀ ਵੰਡ ਸਮਾਰੋਹ ਨੂੰ ਲੈ ਕੇ ਵੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਕੈਂਪਸ ਤੋਂ ਵੱਖ ਬਾਹਰੀ ਜਗ੍ਹਾ 'ਤੇ ਡਿਗਰੀ ਵੰਡ ਸਮਾਰੋਹ ਕੀਤਾ ਜਾਣਾ ਸਮਝ ਤੋਂ ਪਰੇ ਹੈ।

ਭਾਰੀ ਪੁਲਸ ਫੋਰਸ ਤਾਇਨਾਤ
ਡਿਗਰੀ ਵੰਡ ਸਮਾਰੋਹ 'ਚ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਹਨ। ਉਨ੍ਹਾਂ ਨਾਲ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਵੀ ਮੌਜੂਦ ਹਨ। ਸਵੇਰੇ 8 ਵਜੇ ਹੀ ਵਿਦਿਆਰਥੀ ਯੂਨੀਵਰਸਿਟੀ ਦੀ ਐਡਮਿਨੀਸਟ੍ਰੇਟਿਵ ਬਿਲਡਿੰਗ 'ਤੇ ਜਮ੍ਹਾ ਹੋਏ ਅਤੇ ਉੱਥੋਂ ਪ੍ਰੋਗਰਾਮ ਸਥਾਨ ਤੱਕ ਮਾਰਚ ਸ਼ੁਰੂ ਕੀਤਾ। ਵਿਦਿਆਰਥੀਆਂ ਦੇ ਹੰਗਾਮੇ ਨੂੰ ਦੇਖਦੇ ਹੋਏ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਸ ਅੰਦੋਲਨ 'ਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ, ਆਈਸਾ, ਏ.ਆਈ.ਐੱਸ.ਐੱਫ. ਅਤੇ ਐੱਸ.ਐੱਫ.ਆਈ. ਸਾਰੇ ਵਿਦਿਆਰਥੀ ਸੰਗਠਨ ਹਿੱਸਾ ਲੈ ਰਹੇ ਹਨ।15 ਦਿਨਾਂ ਤੋਂ ਕਰ ਰਹੇ ਹਨ ਵਿਰੋਧ
ਅੰਦੋਲਨਕਾਰੀ ਵਿਦਿਆਰਥੀ ਨੇਤਾਵਾਂ ਦਾ ਕਹਿਣਾ ਹੈ ਕਿ ਉਹ ਡਿਗਰੀ ਵੰਡ ਸਮਾਰੋਹ ਦੇ ਪ੍ਰੋਗਰਾਮ ਸਥਾਨ ਕੋਲ ਹੀ ਪ੍ਰਦਰਸ਼ਨ ਕਰਨਗੇ। ਇਕ ਅੰਦੋਲਨਕਾਰੀ ਵਿਦਿਆਰਥੀ ਨੇ ਕਿਹਾ,''ਅਸੀਂ ਬੀਤੇ 15 ਦਿਨਾਂ ਤੋਂ ਫੀਸ 'ਚ ਵਾਧੇ ਦਾ ਵਿਰੋਧ ਕਰ ਰਹੇ ਹਾਂ। ਯੂਨੀਵਰਸਿਟੀ 'ਚ ਘੱਟੋ-ਘੱਟ 40 ਫੀਸਦੀ ਵਿਦਿਆਰਥੀ ਅਜਿਹੇ ਹਨ, ਜੋ ਗਰੀਬ ਪਰਿਵਾਰਾਂ ਤੋਂ ਆਉਂਦੇ ਹਨ। ਆਖਰ ਇਹ ਵਿਦਿਆਰਥੀ ਕਿਵੇਂ ਆਪਣੀ ਪੜ੍ਹਾਈ ਜਾਰੀ ਰੱਖ ਸਕਣਗੇ?''460 ਵਿਦਿਆਰਥੀਆਂ ਨੂੰ ਪੀ.ਐੱਚ.ਡੀ. ਡਿਗਰੀ ਦਿੱਤੀ ਜਾਵੇਗੀ
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਿਨਾਂ ਸਸਤੀ ਐਜ਼ੂਕੇਸ਼ਨ ਦੇ ਡਿਗਰੀ ਵੰਡ ਸਮਾਰੋਹ ਮਨਜ਼ੂਰ ਨਹੀਂ ਹੈ। ਹੋਸਟਲ ਫੀਸ ਵਾਧੇ ਦਾ ਮਾਮਲਾ ਯੂਨੀਵਰਸਿਟੀ 'ਚ ਕਾਫੀ ਅੱਗੇ ਜਾ ਚੁਕਿਆ ਹੈ ਅਤੇ ਹੁਣ ਤੱਕ ਕੋਈ ਹੱਲ ਨਹੀਂ ਨਿਕਲਿਆ ਹੈ। ਦੱਸਣਯੋਗ ਹੈ ਕਿ ਇਸ ਵਾਰ ਕੈਂਪਸ ਦੇ ਆਡੀਟੋਰਿਅਮ 'ਚ ਜਗ੍ਹਾ ਦੀ ਕਮੀ ਦੱਸਦੇ ਹੋਏ ਜੇ.ਐੱਨ.ਯੂ. ਪ੍ਰਸ਼ਾਸਨ ਨੇ ਡਿਗਰੀ ਵੰਡ ਸਮਾਰੋਹ ਯੂਨੀਵਰਸਿਟੀ ਤੋਂ ਬਾਹਰ ਵਸੰਤ ਕੁੰਜ 'ਚ ਆਲ ਇੰਡੀਆ ਕਾਊਂਸਿਲ ਆਫ ਟੈਕਨੀਕਲ ਐਜ਼ੂਕੇਸ਼ਨ (ਏ.ਆਈ.ਸੀ.ਟੀ.ਈ.) ਆਡੀਟੋਰਿਅਮ 'ਚ ਰੱਖਿਆ ਗਿਆ। ਜੇ.ਐੱਨ.ਯੂ. ਦੇ ਗੋਲਡਨ ਜੁਬਲੀ ਸਾਲ ਦੇ ਇਸ ਡਿਗਰੀ ਵੰਡ ਸਮਾਰੋਹ 'ਚ ਕਰੀਬ 460 ਵਿਦਿਆਰਥੀਆਂ ਨੂੰ ਪੀ.ਐੱਚ.ਡੀ. ਡਿਗਰੀ ਦਿੱਤੀ ਜਾਵੇਗੀ।

ਜਗ੍ਹਾ ਦੀ ਕਮੀ ਕਾਰਨ ਬਾਹਰ ਰੱਖਿਆ ਸਮਾਰੋਹ
ਜੇ.ਐੱਨ.ਯੂ. ਦੇ ਰੈਕਟਰ2 ਡਾ. ਐੱਸ.ਸੀ. ਗੜਕੋਟੀ ਦਾ ਕਹਿਣਾ ਹੈ ਕਿ ਜੇ.ਐੱਨ.ਯੂ. ਦੇ ਕਿਸੇ ਵੀ ਆਡੀਟੋਰਿਅਮ 'ਚ 300 ਤੋਂ ਵਧ ਸੀਟਾਂ ਨਹੀਂ ਹਨ। ਇਸ ਕਾਰਨ ਇਸ ਵਾਰ ਡਿਗਰੀ ਵੰਡ ਸਮਾਰੋਹ ਬਾਹਰ ਰੱਖਣਾ ਪੈ ਰਿਹਾ ਹੈ, ਕਿਉਂਕਿ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ। ਉਨ੍ਹਾਂ ਨਾਲ ਉਨ੍ਹਾਂ ਦੇ ਮਾਤਾ-ਪਿਤਾ ਵੀ ਪਹੁੰਚਣਗੇ। ਨਾਲ ਹੀ ਵਿਦਿਆਰਥੀਆਂ ਦੇ ਗਾਈਡ, ਜੇ.ਐੱਨ.ਯੂ. ਟੀਚਰਜ਼ ਵੀ ਹੋਣਗੇ। ਜਿੱਥੇ ਸਮਾਰੋਹ ਰੱਖਿਆ ਗਿਆ ਹੈ, ਉੱਥੇ ਕਰੀਬ 800 ਸੀਟਾਂ ਹਨ।

DIsha

This news is Content Editor DIsha