ਦਿੱਲੀ ਹਾਈ ਕੋਰਟ ਵਲੋਂ ਸੋਨੂੰ ਸਰਦਾਰ ਨੂੰ ਮਿਲੀ ਮੌਤ ਦੀ ਸਜ਼ਾ ਉਮਰਕੈਦ ''ਚ ਤਬਦੀਲ

06/28/2017 9:10:43 PM

ਰਾਏਪੁਰ— ਦਿੱਲੀ ਹਾਈ ਕੋਰਟ ਨੇ 2004 'ਚ ਛੱਤੀਸਗੜ੍ਹ 'ਚ 3 ਬੱਚਿਆਂ ਸਮੇਤ 5 ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਦੇ ਮਾਮਲੇ 'ਚ ਸੋਨੂੰ ਸਰਦਾਰ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲ ਦਿੱਤਾ ਹੈ। ਹਾਈ ਕੋਰਟ ਨੇ ਇਹ ਫੈਸਲਾ ਬੁੱਧਵਾਰ ਨੂੰ ਸੁਣਾਇਆ। ਇਸ ਤੋਂ ਪਹਿਲਾਂ ਇਕੋ ਪਰਿਵਾਰ ਦੇ 5 ਮੈਂਬਰਾਂ ਦੇ ਕਤਲ ਦੇ ਦੋਸ਼ੀ ਸੋਨੂੰ ਸਰਦਾਰ ਦੀ ਫਾਂਸੀ 'ਤੇ ਇਕ ਹਫਤੇ ਦੀ ਰੋਕ ਲਗਾਈ ਗਈ ਸੀ। 
ਸੋਨੂੰ ਤੇ ਉਸ ਦੇ ਚਾਰ ਸਾਥੀਆਂ ਨੇ 26 ਨਵੰਬਰ 2004 ਨੂੰ ਸਕ੍ਰੈਪ ਕਾਰੋਬਾਰੀ ਸ਼ਮੀਮ ਅਖਤਰ, ਪਤਨੀ ਰੁਖਸਾਨਾ, ਬੇਟੀ ਰਾਨੋ (5), ਬੇਟੇ ਯਾਕੂਬ(3) ਤੇ ਪੰਜ ਮਹੀਨੇ ਦੀ ਬੇਟੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ। ਸੋਨੂੰ ਤੇ ਉਸ ਦੇ ਸਾਥੀ ਲੁੱਟ ਲਈ ਉਨ੍ਹਾਂ ਦੇ ਘਰ 'ਚ ਦਾਖਲ ਹੋਏ ਸਨ। ਜਦੋਂ ਪਰਿਵਾਰ ਦੇ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਦੋਸ਼ੀਆਂ ਨੇ ਇਕ-ਇਕ ਕਰਕੇ ਸਾਰਿਆਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਇਸ ਕਾਂਢ ਦੇ ਕੁਝ ਹੀ ਦਿਨਾਂ 'ਚ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਅਦਾਲਤ ਨੇ ਸਾਰਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਸੀ। 2010 'ਚ ਵੀ ਹਾਈ ਕੋਰਟ ਨੇ ਇਹ ਸਜ਼ਾ ਬਰਕਰਾਰ ਰੱਖੀ। ਇਸ ਦੇ ਬਾਅਦ ਸੋਨੂੰ ਨੇ ਰਾਸ਼ਟਰਪਤੀ ਦੇ ਸਾਹਮਣੇ ਰਹਿਮ ਪਟੀਸ਼ਨ ਦਾਇਰ ਕੀਤੀ ਸੀ ਪਰ ਰਾਸ਼ਟਰਪਤੀ ਨੇ ਇਹ ਪਟੀਸ਼ਨ ਖਾਰਿਜ ਕਰ ਦਿੱਤੀ ਸੀ। ਭਾਰਤ ਸਰਕਾਰ ਨੇ 8 ਮਈ ਨੂੰ ਸੋਨੂੰ ਦੀ ਮੌਤ ਦੇ ਫਰਮਾਨ 'ਤੇ ਮੁਹਰ ਲਗਾਈ ਸੀ।