ਹਰਿਆਣਾ ਦੇ ਪਾਣੀ ਦੇ 100 ਕਰੋੜ ਰੁਪਏ ਨਹੀਂ ਦੇ ਰਹੀ ਦਿੱਲੀ ਸਰਕਾਰ : ਖੱਟੜ

05/21/2019 9:22:00 PM

ਚੰਡੀਗੜ੍ਹ (ਬਾਂਸਲ, ਪਾਂਡੇ)– ਦਿੱਲੀ ਨੇ ਹਰਿਆਣਾ ਦੇ ਪਾਣੀ ਦੇ 100 ਕਰੋੜ ਰੁਪਏ ਦੇਣੇ ਹਨ ਜੋ ਕਈ ਵਾਰ ਕਹਿਣ ਦੇ ਬਾਵਜੂਦ ਨਹੀਂ ਦਿੱਤੇ ਜਾ ਰਹੇ। ਇਹ ਖੁਲਾਸਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਦਿੱਲੀ ਹਰਿਆਣਾ ਤੋ ਪਾਣੀ ਲੈਂਦਾ ਹੈ। ਇਸ ਲਈ ਲਗਭਗ 120 ਕਰੋੜ ਰੁਪਏ ਪੈਂਡਿੰਗ ਪਏ ਸਨ। ਬਹੁਤ ਵਾਰ ਕਹਿਣ ’ਤੇ ਦਿੱਲੀ ਸਰਕਾਰ ਨੇ ਅਜੇ ਤੱਕ ਸਿਰਫ 20 ਕਰੋੜ ਰੁਪਏ ਦਿੱਤੇ ਹਨ, ਜਦਕਿ 100 ਕਰੋੜ ਰੁਪਏ ਅਜੇ ਬਕਾਇਆ ਪਏ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਪਾਣੀ ਵਿਚੋਂ ਦਿੱਲੀ ਦਾ ਹਿੱਸਾ 718 ਕਿਊਸਿਕ ਹੈ। ਸੁਪਰੀਮ ਕੋਰਟ ਦੇ ਹੁਕਮ ਪਿੱਛੋ ਂ ਹਰਿਆਣਾ ਦਿੱਲੀ ਨੂੰ 1049 ਕਿਊਸਿਕ ਪਾਣੀ ਦੇ ਰਿਹਾ ਹੈ। ਭਾਵ 330 ਕਿਊਸਿਕ ਪਾਣੀ ਵਧ ਦਿੱਤਾ ਜਾ ਰਿਹਾ ਹੈ। ਇਸਦੇ ਬਾਵਜੂਦ ਦਿੱਲੀ ਸਰਕਾਰ ਵਲੋਂ ਹਰਿਆਣਾ ਨੂੰ ਉਸਦੇ ਬਣਦੇ ਪੈਸੇ ਨਹੀਂ ਦਿੱਤੇ ਜਾ ਰਹੇ।

ਉਨ੍ਹਾਂ ਟਿੱਪਣੀ ਕਰਦਿਆਂ ਕਿਹਾ ਕਿ ਜੇ ਦਿੱਲੀ ਸਰਕਾਰ ਨੂੰ ਸ਼ਰਮ ਹੈ ਤਾਂ ਹਰਿਆਣਾ ਦੇ ਪਾਣੀ ਦੇ ਬਕਾਇਆ ਪਏ 100 ਕਰੋੜ ਰੁਪਏ ਦਾ ਭੁਗਤਾਨ ਕਰੇ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਪਾਣੀ ਦਾ ਸੰਕਟ ਹੈ। ਇਸਦੇ ਬਾਵਜੂਦ ਦਿੱਲੀ ਦੇ ਪਾਣੀ ਦਾ ਦਬਾਅ ਹਰਿਆਣਾ ਨੂੰ ਝੱਲਣਾ ਪੈ ਰਿਹਾ ਹੈ। ਫਿਰ ਵੀ ਇਨਸਾਨੀਅਤ ਦੇ ਨਾਤੇ ਆਪਣਾ ਫਰਜ਼ ਨਿਭਾਉਂਦੇ ਆ ਰਹੇ ਹਾਂ।

Inder Prajapati

This news is Content Editor Inder Prajapati