ਪੰਜ ਤੱਤਾਂ 'ਚ ਵਿਲੀਨ ਹੋਏ ਪ੍ਰਣਬ ਮੁਖਰਜੀ, ਸਰਕਾਰੀ ਸਨਮਾਨ ਨਾਲ ਅੰਤਿਮ ਵਿਦਾਈ

09/01/2020 2:45:06 PM

ਨਵੀਂ ਦਿੱਲੀ— ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨ ਨਾਲ ਕੀਤਾ ਗਿਆ। ਦਿੱਲੀ ਵਿਖੇ ਲੋਧੀ ਸ਼ਮਸ਼ਾਨ ਘਾਟ 'ਤੇ ਪੁੱਤਰ ਅਭਿਜੀਤ ਮੁਖਰਜੀ ਨੇ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ। ਇਸ ਦੌਰਾਨ ਪਰਿਵਾਰ ਦੇ ਬਾਕੀ ਮੈਂਬਰ ਪੀ. ਪੀ. ਈ. ਕਿੱਟ ਪਹਿਨੇ ਹੋਏ ਨਜ਼ਰ ਆਏ। ਦੱਸ ਦੇਈਏ ਕਿ ਪ੍ਰਣਬ ਮੁਖਰਜੀ ਕੋਰੋਨਾ ਪਾਜ਼ੇਟਿਵ ਸਨ, ਇਸ ਲਈ ਉਨ੍ਹਾਂ ਦੇ ਅੰਤਿਮ ਸੰਸਕਾਰ ਵਿਚ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਕੀਤਾ ਗਿਆ। 

 

ਇਸ ਤੋਂ ਪਹਿਲਾਂ ਉਨ੍ਹਾਂ ਦਾ ਮਰਹੂਮ ਸਰੀਰ ਅੱਜ ਸਵੇਰੇ ਕਰੀਬ 9.30 ਵਜੇ ਉਨ੍ਹਾਂ ਦੇ ਸਰਕਾਰੀ ਆਵਾਸ 'ਤੇ ਲਿਆਂਦਾ ਗਿਆ ਹੈ। ਇੱਥੇ ਦੁਪਹਿਰ 12 ਵਜੇ ਤੱਕ ਅੰਤਿਮ ਦਰਸ਼ਨ ਲਈ ਉਨ੍ਹਾਂ ਦਾ ਮਰਹੂਮ ਸਰੀਰ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ, ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਸਮੇਤ ਤਮਾਮ ਨੇਤਾਵਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਸੀ।

ਦੱਸਣਯੋਗ ਹੈ ਕਿ ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ 84 ਸਾਲ ਦੀ ਉਮਰ 'ਚ ਸੋਮਵਾਰ ਭਾਵ ਕੱਲ੍ਹ ਦਿਹਾਂਤ ਹੋ ਗਿਆ। ਦਿੱਲੀ ਦੇ ਆਰਮੀ ਹਸਪਤਾਲ 'ਚ ਉਨ੍ਹਾਂ ਨੇ ਆਖਰੀ ਸਾਹ ਲਿਆ। ਉਹ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਦਿਮਾਗ 'ਚ ਖੂਨ ਦਾ ਥੱਕਾ ਜੰਮਣ ਕਾਰਨ ਉਨ੍ਹਾਂ ਦੀ ਸਰਜਰੀ ਕੀਤੀ ਗਈ ਸੀ, ਜਿਸ ਤੋਂ ਬਾਅਦ ਉਹ ਕੋਮਾ ਵਿਚ ਸਨ। ਉਹ ਕੋਰੋਨਾ ਪਾਜ਼ੇਟਿਵ ਵੀ ਪਾਏ ਗਏ ਸਨ। ਬੀਤੀ 10 ਅਗਸਤ ਤੋਂ ਉਨ੍ਹਾਂ ਦਾ ਆਰਮੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਸੋਮਵਾਰ ਸ਼ਾਮ ਉਨ੍ਹਾਂ ਨੇ ਆਖਰੀ ਸਾਹ ਲਿਆ।



ਕੇਂਦਰ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਦੇ ਦਿਹਾਂਤ 'ਤੇ 31 ਅਗਸਤ ਤੋਂ 6 ਸਤੰਬਰ ਤੱਕ 6 ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਮੁਖਰਜੀ 2012 ਤੋਂ 2017 ਤੱਕ ਦੇਸ਼ ਦੇ 13ਵੇਂ ਰਾਸ਼ਟਰਪਤੀ ਰਹੇ। ਲੰਬੇ ਸਮੇਂ ਤੱਕ ਕਾਂਗਰਸ ਦੇ ਨੇਤਾ ਰਹੇ ਮੁਖਰਜੀ 7 ਵਾਰ ਸੰਸਦ ਮੈਂਬਰ ਰਹੇ। ਭਾਜਪਾ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸਾਲ 2019 ਵਿਚ ਉਨ੍ਹਾਂ ਨੂੰ ਸਰਵਉੱਚ ਨਾਗਰਿਕ ਸਨਮਾਨ 'ਭਾਰਤ ਰਤਨ' ਨਾਲ ਸਨਮਾਨਤ ਕੀਤਾ ਸੀ। ਹਰ ਕੋਈ ਉਨ੍ਹਾਂ ਦੀ ਯਾਦਦਾਸ਼ਤ ਸਮਰੱਥਾ, ਬੁੱਧੀ ਅਤੇ ਹਰ ਮੁੱਦਿਆਂ 'ਤੇ ਡੂੰਘੀ ਸੋਚ ਦਾ ਮੁਰੀਦ ਸੀ। ਮੁਖਰਜੀ ਭਾਰਤ ਦੇ ਇਕਮਾਤਰ ਅਜਿਹੇ ਨੇਤਾ ਸਨ, ਜੋ ਦੇਸ਼ ਦੇ ਪ੍ਰਧਾਨ ਮੰਤਰੀ ਅਹੁਦੇ 'ਤੇ ਨਾ ਰਹਿੰਦੇ ਹੋਏ ਵੀ 8 ਸਾਲਾਂ ਤੱਕ ਲੋਕ ਸਭਾ ਦੇ ਨੇਤਾ ਰਹੇ। 

 

 

Tanu

This news is Content Editor Tanu