ਸਿੰਘੂ-ਟਿਕਰੀ ਬਾਰਡਰ 'ਤੇ 'ਗੁਰਬਾਣੀ' ਦੀ ਗੂੰਜ, ਪ੍ਰਦਰਸ਼ਨ ਦੌਰਾਨ ਵੀ ਕਿਸਾਨਾਂ 'ਚ ਨਹੀਂ ਘਟੀ ਆਸਥਾ

11/30/2020 2:08:57 PM

ਨਵੀਂ ਦਿੱਲੀ— ਅੰਨਦਾਤਾ ਅੱਜ ਸੜਕਾਂ 'ਤੇ ਡਟਿਆ ਹੈ। ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ ਦਿੱਲੀ ਵਿਖੇ ਜਾਰੀ ਹੈ। ਵੱਡੀ ਗਿਣਤੀ 'ਚ ਕਿਸਾਨ ਦਿੱਲੀ ਕੂਚ ਕਰ ਚੁੱਕੇ ਹਨ। ਕਿਸਾਨ ਟਿਕਟੀ-ਸਿੰਘੂ ਅਤੇ ਗਾਜ਼ੀਪੁਰ ਬਾਰਡਰ 'ਤੇ ਡਟੇ ਹੋਏ ਹਨ। ਇਸ ਵਿਰੋਧ ਪ੍ਰਦਰਸ਼ਨ ਦਰਮਿਆਨ ਵੀ ਕਿਸਾਨਾਂ ਦੀ ਆਸਥਾ 'ਚ ਕੋਈ ਕਮੀ ਨਹੀਂ ਆਈ। ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਹੈ। ਇਸ ਮੌਕੇ ਸਿੰਘੂ ਅਤੇ ਟਿਕਰੀ ਬਾਰਡਰ 'ਤੇ ਗੁਰਬਾਣੀ ਦੀ ਗੂੰਜ ਕੰਨਾਂ 'ਚ ਪੈ ਰਹੀ ਹੈ। ਕਿਸਾਨਾਂ ਨੇ ਧਰਨਾ ਪ੍ਰਦਰਸ਼ਨ ਵਾਲੀ ਥਾਂ 'ਤੇ ਬੈਠ ਕੇ ਹੀ 'ਬਾਬੇ ਨਾਨਕ' ਦੇ ਪ੍ਰਕਾਸ਼ ਪੁਰਬ ਮੌਕੇ ਅਰਦਾਸ ਕੀਤੀ। ਇਸ ਤੋਂ ਇਲਾਵਾ ਕੜਾਹ-ਪ੍ਰਸ਼ਾਦ ਅਤੇ ਲੰਗਰ ਦਾ ਵੀ  ਪ੍ਰਬੰਧ ਕੀਤਾ ਗਿਆ ਹੈ।


ਸੋਸ਼ਲ ਮੀਡੀਆ 'ਤੇ ਜਾਰੀ ਤਸਵੀਰਾਂ ਅਤੇ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਕਿਸਾਨਾਂ ਨੇ ਪ੍ਰਦਰਸ਼ਨ ਵਾਲੀ ਥਾਂ 'ਤੇ ਗੁਰਬਾਣੀ ਦਾ ਜਾਪ ਕੀਤਾ। ਚਾਰੋਂ ਪਾਸੇ ਗੁਰਬਾਣੀ ਦੇ ਸ਼ਬਦਾਂ ਦੀ ਗੂੰਜ ਸੁਣਾਈ ਦਿੱਤੀ। ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਦਾ ਦਿੱਲੀ ਵਿਚ ਅੱਜ 5ਵਾਂ ਦਿਨ ਹੈ। ਵੱਡੀ ਗਿਣਤੀ ਵਿਚ ਕਿਸਾਨ ਟਿਕਰੀ ਅਤੇ ਸਿੰਘੂ ਬਾਰਡਰਾਂ 'ਤੇ ਡਟੇ ਹੋਏ ਹਨ। 

ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਗਰੰਟੀ ਨਹੀਂ ਦਿੰਦੀ ਹੈ, ਉਦੋਂ ਤੱਕ ਅਸੀਂ ਅਸੀਂ ਸੜਕਾਂ 'ਤੇ ਹੀ ਡਟੇ ਰਹਾਂਗੇ ਅਤੇ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ। ਚੱਲ ਰਹੇ ਧਰਨਾ ਪ੍ਰਦਰਸ਼ਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੀ ਗਈ 'ਮਨ ਕੀ ਬਾਤ' ਖ਼ਿਲਾਫ਼ ਗੁੱਸੇ ਦੀ ਲਹਿਰ ਹੈ। ਮੋਦੀ ਨੇ ਇਕ ਵਾਰ ਫਿਰ ਤੋਂ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਵਾਏ ਸਨ। ਕਿਸਾਨਾਂ ਦਾ ਕਹਿਣਾ ਹੈ ਕਿ ਮੋਦੀ ਆਪਣੀ ਸੁਣਾਉਣਾ ਬੰਦ ਕਰਨ ਅਤੇ ਜੇਕਰ ਮਸਲੇ ਦਾ ਹੱਲ ਕੱਢਣਾ ਹੈ ਤਾਂ ਸਾਡੀ ਗੱਲ ਸੁਣੀ ਜਾਵੇ।

ਕਿਸਾਨ ਜਥੇਬੰਦੀਆਂ ਨੇ ਦਿੱਲੀ ਦੇ ਬੁਰਾੜੀ ਸਥਿਤ ਮੈਦਾਨ 'ਚ ਗੱਲਬਾਤ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪ੍ਰਸਤਾਵ ਨੂੰ ਨਾ-ਮਨਜ਼ੂਰ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਿਨਾਂ ਕੋਈ ਸ਼ਰਤ ਗੱਲਬਾਤ ਸਵੀਕਾਰ ਕਰਨਗੇ। ਉੱਥੇ ਹੀ ਬਾਰਡਰਾਂ 'ਤੇ ਕਿਸਾਨਾਂ ਦਾ ਪ੍ਰਦਰਸ਼ਨ ਹੋਣ ਕਰ ਕੇ ਦਿੱਲੀ ਆਉਣ ਵਾਲੇ ਜਾਂ ਹਰਿਆਣਾ ਜਾਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ। ਕਈ ਥਾਵਾਂ ਦੇ ਰੂਟ ਬਦਲੇ ਗਏ ਹਨ।

 

Tanu

This news is Content Editor Tanu