ਪੇਂਟ ਫੈਕਟਰੀ 'ਚ ਅੱਗ ਲੱਗਣ ਨਾਲ 11 ਲੋਕਾਂ ਦੀ ਮੌਤ, ਤਸਵੀਰਾਂ 'ਚ ਦੇਖੋ ਭਿਆਨਕ ਮੰਜਰ

02/16/2024 10:23:19 AM

ਨਵੀਂ ਦਿੱਲੀ (ਭਾਸ਼ਾ)- ਬਾਹਰੀ ਦਿੱਲੀ ਦੇ ਅਲੀਪੁਰ ਖੇਤਰ ਵਿਚ ਇਕ ਪੇਂਟ ਫੈਕਟਰੀ ਵਿਚ ਧਮਾਕੇ ਅਤੇ ਉਸ ਤੋਂ ਬਾਅਦ ਅੱਗ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 11 ਹੋ ਗਈ ਹੈ, ਇਮਾਰਤ ਵਿਚੋਂ ਚਾਰ ਹੋਰ ਲਾਸ਼ਾਂ ਬਰਾਮਦ ਹੋਈਆਂ ਹਨ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਲੱਗੀ ਅੱਗ 'ਚ ਚਾਰ ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਦਿੱਲੀ ਫਾਇਰ ਸਰਵਿਸ (ਡੀਐੱਫਐੱਸ) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਲੀਪੁਰ ਦੇ ਦਿਆਲਪੁਰ ਬਾਜ਼ਾਰ ਵਿਚ ਸਥਿਤ ਫੈਕਟਰੀ 'ਚੋਂ 11 ਲੋਕਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਫੈਕਟਰੀ 'ਚ ਰਸਾਇਣਾਂ ਨੂੰ ਸਟੋਰ ਕਰਨ ਲਈ ਇਕ ਗੋਦਾਮ ਵੀ ਹੈ। ਧਮਾਕੇ ਤੋਂ ਬਾਅਦ ਫੈਕਟਰੀ 'ਚ ਅੱਗ ਲੱਗ ਗਈ ਅਤੇ ਜਲਦੀ ਹੀ ਇਕ ਨਸ਼ਾ ਛੁਡਾਊ ਕੇਂਦਰ ਅਤੇ 8 ਦੁਕਾਨਾਂ ਸਮੇਤ ਨੇੜਲੇ ਇਮਾਰਤਾਂ 'ਚ ਫੈਲ ਗਈ। ਡੀਐੱਫਐੱਸ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਸ਼ਾਮ ਕਰੀਬ 5.30 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ 22 ਫਾਇਰ ਟੈਂਡਰ ਮੌਕੇ 'ਤੇ ਪਹੁੰਚ ਗਏ।

ਉਨ੍ਹਾਂ ਦੱਸਿਆ ਕਿ ਰਾਤ 9 ਵਜੇ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ ਅਤੇ ਫੈਕਟਰੀ ਦੇ ਅੰਦਰੋਂ 11 ਲੋਕਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਡੀਐਫਐਸ ਦੇ ਮੁਖੀ ਅਤੁਲ ਗਰਗ ਨੇ ਇਕ ਪੋਸਟ 'ਚ ਕਿਹਾ ਅੱਗ ਲੱਗਣ ਦੀ ਸੂਚਨਾ ਸ਼ਾਮ 5.30 ਵਜੇ ਮਿਲੀ ਅਤੇ 22 ਫਾਇਰ ਟੈਂਡਰ ਮੌਕੇ 'ਤੇ ਮੌਜੂਦ ਸਨ ਪਰ ਧਮਾਕੇ ਕਾਰਨ ਇਮਾਰਤ ਢਹਿ ਗਈ ਅਤੇ ਮਜ਼ਦੂਰ ਫੈਕਟਰੀ ਦੇ ਅੰਦਰ ਹੀ ਫਸ ਗਏ ਅਤੇ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਬੇਹੱਦ ਮੰਦਭਾਗਾ ਦਿਨ।'' ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਧਮਾਕਾ ਗੋਦਾਮ ਵਿਚ ਸਟੋਰ ਕੀਤੇ ਰਸਾਇਣਾਂ ਕਾਰਨ ਹੋਇਆ ਹੈ। ਚਾਰ ਜ਼ਖ਼ਮੀਆਂ ਦੀ ਪਛਾਣ ਜੋਤੀ (42), ਦਿਵਿਆ (20), ਮੋਹਿਤ ਸੋਲੰਕੀ (34) ਅਤੇ ਪੁਲਸ ਕਾਂਸਟੇਬਲ ਕਰਮਬੀਰ (35) ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਰਾਜਾ ਹਰੀਸ਼ਚੰਦਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਲਾਸ਼ਾਂ ਨੂੰ ਬਾਬੂ ਜਗਜੀਵਨ ਰਾਮ ਹਸਪਤਾਲ 'ਚ ਰਖਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਪਛਾਣ ਦੀ ਪ੍ਰਕਿਰਿਆ ਜਾਰੀ ਹੈ।

DIsha

This news is Content Editor DIsha