ਦਿੱਲੀ : ਡਾਕਟਰਾਂ ਨੇ ਆਪਰੇਸ਼ਨ ਕਰ ਕੇ ਕੱਢੀ ਦੁਨੀਆ ਦੀ ਸਭ ਤੋਂ ਵੱਡੀ ਕਿਡਨੀ

11/25/2019 5:58:25 PM

ਨਵੀਂ ਦਿੱਲੀ— ਦਿੱਲੀ ਦੇ ਇਕ ਹਸਪਤਾਲ 'ਚ ਡਾਕਟਰਾਂ ਨੇ ਆਪਰੇਸ਼ਨ ਕਰ ਕੇ 56 ਸਾਲਾ ਇਕ ਵਿਅਕਤੀ ਦੇ ਸਰੀਰ 'ਚੋਂ 7.4 ਕਿਲੋ ਦੀ ਕਿਡਨੀ ਕੱਢ ਦਿੱਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਵੱਡੀ ਕਿਡਨੀ ਹੈ। ਹਸਪਤਾਲ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਦੱਸਿਆ। ਸਰ ਗੰਗਾ ਰਾਮ ਹਸਪਤਾਲ 'ਚ ਯੂਰੋਲਾਜੀ ਕਨਸਲਟੈਂਟ ਡਾ. ਸਚਿਨ ਕਥੂਰੀਆ ਨੇ ਦੱਸਿਆ ਕਿ ਕਿਡਨੀ ਇੰਨੀ ਵੱਡੀ ਸੀ ਕਿ ਉਸ ਨੇ ਮਰੀਜ਼ ਦੇ ਪੇਟ ਨੂੰ ਲਗਭਗ ਪੂਰਾ ਹੀ ਘੇਰ ਰੱਖਿਆ ਸੀ। ਕਿਡਨੀ ਨੂੰ 2 ਘੰਟਿਆਂ ਦੀ ਸਰਜਰੀ ਤੋਂ ਬਾਅਦ ਕੱਢਿਆ ਗਿਆ। ਉਨ੍ਹਾਂ ਨੇ ਕਿਹਾ,''ਇਸ ਨੂੰ ਇਸੇ ਤਰ੍ਹਾਂ ਸਮਝੋ, ਕਿਡਨੀ ਦਾ ਭਾਰ 2 ਨਵਜੰਮੇ ਬੱਚਿਆਂ ਦੇ ਕੁੱਲ ਭਾਰ ਤੋਂ ਵੀ ਵਧ ਸੀ।'' ਆਮ ਕਿਡਨੀ ਦਾ ਭਾਰ ਲਗਭਗ 120-150 ਗ੍ਰਾਮ ਹੁੰਦਾ ਹੈ। ਜਿਸ ਕਿਡਨੀ ਨੂੰ ਕੱਢਿਆ ਗਿਆ, ਉਸ ਦਾ ਆਕਾਰ 32 ਗੁਣਾ 21.8 ਸੈਮੀ ਸੀ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਦੁਨੀਆ ਭਰ 'ਚ ਪਹਿਲਾ ਮਾਮਲਾ ਹੈ, ਜਿਸ 'ਚ ਇੰਨੀ ਵੱਡੀ ਕਿਡਨੀ ਕੱਢੀ ਗਈ ਹੈ। ਡਾ. ਕਥਰੂਆ ਨੇ ਕਿਹਾ,''ਆਪਰੇਸ਼ਨ ਤੋਂ ਪਹਿਲਾਂ ਸਾਨੂੰ ਇਹ ਤਾਂ ਪਤਾ ਸੀ ਕਿ ਕਿਡਨੀ ਵੱਡੀ ਹੈ ਪਰ ਸਾਨੂੰ ਉਮੀਦ ਨਹੀਂ ਸੀ ਕਿ ਇਹ ਹੁਣ ਤੱਕ ਦੀ ਸਭ ਤੋਂ ਵਧ ਭਾਰ ਵਾਲੀ ਕਿਡਨੀ ਹੋਵੇਗੀ।'' ਗਿਨੀਜ਼ ਬੁੱਕ ਆਫ ਰਿਕਾਰਡ 'ਚ ਦਰਜ ਦੁਨੀਆ ਦੀ ਸਭ ਤੋਂ ਵੱਡੀ ਕਿਡਨੀ ਦਾ ਭਾਰ 4.25 ਕਿਲੋ ਸੀ। ਇਹ ਹੁਣ ਤੱਕ ਦੁਨੀਆ ਦੀ ਸਭ ਤੋਂ ਵੱਡੀ ਕਿਡਨੀ ਮੰਨੀ ਜਾਂਦੀ ਸੀ। ਇਸ ਨੂੰ ਡਾਕਟਰਾਂ ਨੇ 2017 'ਚ ਕੱਢਿਆ ਸੀ। ਸਰ ਗੰਗਾ ਰਾਮ ਹਸਪਤਾਲ ਦੇ ਡਾਕਟਰ ਇਸ ਸਰਜਰੀ ਦੇ ਆਧਾਰ 'ਤੇ ਗਿਨੀਜ਼ ਵਰਲਡ ਰਿਕਾਰਡਜ਼ 'ਚ ਅਪੀਲ ਕਰਨ ਦੀ ਯੋਜਨਾ ਬਣਾ ਰਹੇ ਹਨ। ਜਿਸ ਮਰੀਜ਼ ਦੀ ਕਿਡਨੀ ਕੱਢੀ ਗਈ ਹੈ, ਉਹ ਦਿੱਲੀ ਦਾ ਵਾਸੀ ਹੈ ਅਤੇ ਆਟੋਸੋਮਲ ਡਾਮਿਨੈਂਟ ਪਾਲੀਸੀਸਟਿਕ ਕਿਡਨੀ ਰੋਗ ਨਾਂ ਦੇ ਜੈਨੇਟਿਕ ਵਿਕਾਰ ਨਾਲ ਪੀੜਤ ਸੀ।

DIsha

This news is Content Editor DIsha