ਦਿੱਲੀ ''ਚ ਕੋਰੋਨਾ ਦਾ ਭਿਆਨਕ ਰੂਪ : ਜਾਂਚ ''ਚ ਹਰ ਤੀਜਾ ਵਿਅਕਤੀ ਮਿਲ ਰਿਹਾ ਪੀੜਤ

06/13/2020 12:43:08 PM

ਨਵੀਂ ਦਿੱਲੀ- ਦਿੱਲੀ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਬੀਤੇ ਇਕ ਹਫ਼ਤੇ 'ਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਘੱਟ ਹੋ ਗਈ ਹੈ। ਰਾਜਧਾਨੀ 'ਚ ਕੋਰੋਨਾ ਦੀ ਇਨਫੈਕਸ਼ਨ ਦਰ ਨੇ ਵੀ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਸ਼ੁੱਕਰਵਾਰ ਨੂੰ 5,947 ਲੋਕਾਂ ਦੀ ਜਾਂਚ 'ਚ ਹੀ 2,137 ਪੀੜਤ ਮਿਲੇ। ਯਾਨੀ ਇਨਫੈਕਸ਼ਨ ਦਰ ਕਰੀਬ 35 ਫੀਸਦੀ ਰਹੀ ਅਤੇ ਜਾਂਚ 'ਚ ਹਰ ਤੀਜਾ ਵਿਅਕਤੀ ਪੀੜਤ ਮਿਲਿਆ। ਇਸ ਤੋਂ ਪਹਿਲਾਂ ਵੀਰਵਾਰ ਨੂੰ ਇਨਫੈਕਸ਼ਨ ਦਰ ਕਰੀਬ 35 ਫੀਸਦੀ ਸੀ। ਦੱਸਣਯੋਗ ਹੈ ਕਿ 30 ਮਈ ਅਤੇ 11 ਜੂਨ ਦਰਮਿਆਨ ਜੋ ਅੰਕੜੇ ਸਾਹਮਣੇ ਆਏ ਹਨ, ਉਹ ਦਿਖਾਉਂਦੇ ਹਨ ਕਿ ਦਿੱਲੀ 'ਚ ਇਨਫੈਕਸ਼ਨ ਦੀ ਦਰ 21 ਫੀਸਦੀ ਵਧ ਗਈ ਹੈ ਅਤੇ ਰਿਕਵਰੀ ਰੇਟ 8 ਫੀਸਦੀ ਤੋਂ ਘੱਟ ਹੋ ਗਿਆ ਹੈ। ਦਿੱਲੀ 'ਚ ਇਕ ਜੂਨ ਤੋਂ ਲੈ ਕੇ 11 ਜੂਨ ਤੱਕ ਕਰਵਾਈ ਗਈ ਇਕ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਕਰੀਬ 58 ਹਜ਼ਾਰ ਲੋਕਾਂ 'ਚੋਂ 14 ਹਜ਼ਾਰ ਤੋਂ ਵਧ ਲੋਕ ਪੀੜਤ ਸਨ, ਜਿਸ ਕਾਰਨ ਜੂਨ 'ਚ ਇਨਫੈਕਸ਼ਨ ਦੀ ਦਰ 25 ਫੀਸਦੀ ਵਧ ਗਈ।

ਵੀਰਵਾਰ ਨੂੰ ਪਹਿਲੀ ਵਾਰ ਇਨਫੈਕਸ਼ਨ ਦੀ ਦਰ 35 ਫੀਸਦੀ ਦੇ ਹਿਸਾਬ ਨਾਲ ਵਧੀ ਜਦੋਂ 5360 ਲੋਕਾਂ ਦੀ ਰਿਪੋਰਟ ਆਈ ਅਤੇ ਉਨ੍ਹਾਂ 'ਚੋ 1877 ਲੋਕ ਪਾਜ਼ੀਟਿਵ ਪਾਏ ਗਏ। ਜਾਂ ਫਿਰ ਇਸ ਨੂੰ ਅਜਿਹਾ ਵੀ ਕਹਿ ਸਕਦੇ ਹਾਂ ਕਿ ਦਿੱਲੀ ਜਿੰਨੇ ਲੋਕਾਂ ਨੇ ਟੈਸਟ ਕਰਵਾਇਆ, ਉਨ੍ਹਾਂ 'ਚੋਂ ਹਰ ਤੀਜਾ ਵਿਅਕਤੀ ਇਨਫੈਕਟਡ ਨਿਕਲਿਆ। ਡਾਕਟਰ ਇਸ ਅੰਕੜੇ ਨੂੰ ਚਿੰਤਾਜਨਕ ਦੱਸਦੇ ਹਨ।

ਦੱਸਣਯੋਗ ਹੈ ਕਿ 30 ਮਈ ਨੂੰ 44 ਫੀਸਦੀ ਮਰੀਜ਼ ਕੋਰੋਨਾ ਨਾਲ ਠੀਕ ਹੋ ਗਏ ਸਨ ਪਰ ਹੁਣ ਕੋਰੋਨਾ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ ਘੱਟ ਹੋ ਗਈ ਹੈ ਅਤੇ ਇਨਫੈਕਸ਼ਨ ਦੀ ਦਰ ਵਧ ਗਈ ਹੈ। 11 ਜੂਨ ਦੀ ਗੱਲ ਕਰੀਏ ਤਾਂ ਇਸ ਦਿਨ ਕੋਰੋਨਾ ਨਾਲ ਠੀਕ ਹੋਣ ਵਾਲਿਆਂ ਦਾ ਫੀਸਦੀ ਸਿਰਫ਼ 36 ਫੀਸਦੀ ਰਹਿ ਗਿਆ।

DIsha

This news is Content Editor DIsha