ਅਕਤੂਬਰ ’ਚ ਹੋ ਸਕਦੀਆਂ ਹਨ ਦਿੱਲੀ ਵਿਧਾਨ ਸਭਾ ਚੋਣਾਂ

06/11/2019 12:31:17 AM

ਨਵੀਂ ਦਿੱਲੀ (ਸੋਮਨਾਥ)- ਲੋਕ ਸਭਾ ਚੋਣਾਂ ਵਿਚ ਦਿੱਲੀ ਦੀਆਂ ਸਾਰੀਆਂ 7 ਲੋਕ ਸਭਾ ਸੀਟਾਂ ’ਤੇ ਭਾਜਪਾ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਓਧਰ ਦਿੱਲੀ ਵਿਧਾਨ ਸਭਾ ਦੀਆਂ 70 ਵਿਚੋਂ 67 ਸੀਟਾਂ ’ਤੇ ਕਾਬਜ਼ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਆਮ ਚੋਣਾਂ ਵਿਚ ਸੰਸਦੀ ਸੀਟਾਂ ਦੇ ਤਹਿਤ ਆਉਂਦੇ ਵਿਧਾਨ ਸਭਾ ਹਲਕਿਆਂ ਵਿਚ ਕਿਤੇ ਵੀ ਜਿੱਤ ਹਾਸਲ ਕਰਨ ਵਿਚ ਨਾਕਾਮ ਰਹੇ ਹਨ। ਇਨ੍ਹਾਂ ਬਦਲਦੇ ਸਿਆਸੀ ਸਮੀਕਰਣਾਂ ਦੇ ਕਾਰਣ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਅਕਤੂਬਰ ਵਿਚ ਹੋਣ ਦੀਆਂ ਸੰਭਾਵਨਾਵਾਂ ਮਜ਼ਬੂਤ ਹੋ ਗਈਆਂ ਹਨ। ਆਮ ਆਦਮੀ ਪਾਰਟੀ ਸਮੇਤ ਦੂਜੀਆਂ ਸਿਆਸੀ ਪਾਰਟੀਆਂ ਨੇ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। 'ਆਪ' ਦੇ ਸੀਨੀਅਰ ਨੇਤਾ ਰਾਘਵ ਚੱਢਾ ਨੇ ਕਿਹਾ ਕਿ ਅਕਤੂਬਰ ਦੇ ਨੇੜੇ ਕਦੇ ਵੀ ਚੋਣਾਂ ਹੋ ਸਕਦੀਆਂ ਹਨ। ਪਾਰਟੀ ਨੇ 'ਬੈਕ-ਟੂ-ਬੇਸਿਕਸ' ਨਜ਼ਰੀਆ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਅਸੀਂ ਪੂਰੀ ਦਿੱਲੀ ਵਿਚ ਡੋਰ-ਟੂ-ਡੋਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ। 'ਆਪ' ਦੇ ਕਨਵੀਨਰ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁਦ ਆਪਣੀ ਰਿਹਾਇਸ਼ 'ਤੇ ਵਿਧਾਇਕਾਂ ਤੇ ਕੌਂਸਲਰਾਂ ਦੀ ਬੈਠਕ ਵਿਚ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਸਾਡਾ ਕੰਮ ਰੁਕਵਾਉਣ ਲਈ ਕੇਂਦਰ ਸਰਕਾਰ ਦਿੱਲੀ ਵਿਧਾਨ ਸਭਾ ਚੋਣਾਂ ਅਕਤੂਬਰ ਵਿਚ ਕਰਵਾ ਸਕਦੀ ਹੈ।

ਦਿੱਲੀ ਕਾਂਗਰਸ ਦੇ ਬੁਲਾਰੇ ਜਤਿੰਦਰ ਕੁਮਾਰ ਕੋਚਰ ਨੇ ਕਿਹਾ ਕਿ ਜੇ ਸਮੇਂ ਤੋਂ ਪਹਿਲਾਂ ਚੋਣਾਂ ਹੁੰਦੀਆਂ ਹਨ ਤਾਂ ਕਾਂਗਰਸ ਇਸ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਇਕ ਬੈਠਕ ਹੋਈ, ਜਿਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਅਕਤੂਬਰ ਵਿਚ ਚੋਣਾਂ ਹੋ ਸਕਦੀਆਂ ਹਨ। ਕਾਂਗਰਸ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਸ ਦੇ ਵਰਕਰ ਦਿੱਲੀ ਸਰਕਾਰ ਵਲੋਂ 'ਲੋਕਾਂ ਨਾਲ ਵਿਸ਼ਵਾਸਘਾਤ' 'ਤੇ ਜਨਤਕ ਅੰਦੋਲਨ ਸ਼ੁਰੂ ਕਰਨਗੇ।

ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਮੈਦਾਨ ਵਿਚ ਉਤਰ ਰਹੀ ਹੈ। ਬੱਸ ਚੋਣਾਂ ਪਹਿਲਾਂ ਤੋਂ ਤੈਅ ਹਨ। ਤਿਵਾੜੀ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਸਾਨੂੰ ਮੌਕਾ ਦੇਣ ਲਈ ਕਹਿ ਰਹੇ ਹਾਂ। ਅਸੀਂ 'ਆਪ' ਦੇ ਝੂਠੇ ਵਾਅਦਿਆਂ ਤੇ ਸਰਕਾਰ ਚਲਾਉਣ ਵਿਚ ਉਸ ਦੀ ਨਾਕਾਮੀ ਨੂੰ ਉਜਗਰ ਕਰ ਰਹੇ ਹਾਂ। ਸਮੇਂ ਤੋਂ ਪਹਿਲਾਂ ਚੋਣਾਂ ਬਾਰੇ ਚਰਚਾ 31 ਮਈ ਨੂੰ ਸ਼ੁਰੂ ਹੋਈ ਜਦ 'ਆਪ' ਨੇਤਾ ਸੌਰਭ ਭਾਰਦਵਾਜ ਨੇ ਕਿਹਾ ਕਿ ਇਸ ਗੱਲ ਦੀ ਜ਼ੋਰਦਾਰ ਚਰਚਾ ਹੈ ਕਿ ਦਿੱਲੀ ਵਿਚ ਇਸ ਸਾਲ ਅਕਤੂਬਰ ਵਿਚ ਹੋਰ ਸੂਬਿਆਂ ਜਿਵੇਂ ਮਹਾਰਾਸ਼ਟਰ, ਹਰਿਆਣਾ ਤੇ ਝਾਰਖੰਡ ਦੇ ਨਾਲ ਹੀ ਚੋਣਾਂ ਹੋ ਸਕਦੀਆਂ ਹਨ।

13 ਫਰਵਰੀ 2020 ਨੂੰ ਪੂਰਾ ਹੋਵੇਗਾ ਸਰਕਾਰ ਦਾ ਕਾਰਜਕਾਲ

ਚਰਚਾ ਹੈ ਕਿ ਵਿਧਾਨ ਸਭਾ ਦੇ ਕਾਰਜਕਾਲ ਦੀ ਸਮਾਪਤੀ ਤੋਂ 4 ਮਹੀਨੇ ਪਹਿਲਾਂ ਚੋਣ ਕਮਿਸ਼ਨ ਦੂਜੇ ਸੂਬਿਆਂ ਦੇ ਨਾਲ-ਨਾਲ ਅਕਤੂਬਰ ਵਿਚ ਦਿੱਲੀ 'ਚ ਵੀ ਚੋਣਾਂ ਕਰਵਾਏਗਾ। ਕੀ ਚੋਣ ਕਮਿਸ਼ਨ ਅਜਿਹਾ ਕਰ ਸਕਦਾ ਹੈ? ਕੀ ਚੋਣ ਕਮਿਸ਼ਨ ਲੋਕਤੰਤਰੀ ਢੰਗ ਨਾਲ ਚੁਣੀ ਵਿਧਾਨ ਸਭਾ ਦੀ ਮਿਆਦ ਨੂੰ ਰੋਕ ਸਕਦਾ ਹੈ? 'ਆਪ' ਸਰਕਾਰ ਦਾ 5 ਸਾਲ ਦਾ ਕਾਰਜਕਾਲ 13 ਫਰਵਰੀ 2020 ਨੂੰ ਪੂਰਾ ਹੋਵੇਗਾ।

ਨਿਯਮ ਕੀ ਕਹਿੰਦੇ ਹਨ

ਜਨ ਪ੍ਰਤੀਨਿਧੀਤਵ ਕਾਨੂੰਨ 1951 ਦੀ ਧਾਰਾ 15 ਦੇ ਅਨੁਸਾਰ ਜੋ ਸੰਸਦੀ ਅਤੇ ਵਿਧਾਨ ਸਭਾ ਚੋਣਾਂ ਲਈ ਦਿਸ਼ਾ ਨਿਰਦੇਸ਼ ਦਿੰਦੀ ਹੈ, ਵਿਧਾਨ ਸਭਾ ਦੀ ਮਿਆਦ ਖਤਮ ਹੋਣ ਤੋਂ 6 ਮਹੀਨੇ ਪਹਿਲਾਂ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਸਕਦਾ ਹੈ। ਸਾਬਕਾ ਮੁਖ ਚੋਣ ਕਮਿਸ਼ਨਰ ਐੱਸ. ਵਾਈ. ਕੁਰੈਸ਼ੀ ਨੇ ਦੱਸਿਆ ਕਿ ਚੋਣ ਕਮਿਸ਼ਨ ਸਰਕਾਰ ਦੇ ਕਾਰਜਕਾਲ ਪੂਰਾ ਹੋਣ ਦੇ 6 ਮਹੀਨੇ ਪਹਿਲਾਂ ਤਕ ਚੋਣਾਂ ਕਰਵਾ ਸਕਦਾ ਹੈ। ਆਮ ਤੌਰ 'ਤੇ ਵੱਖ-ਵੱਖ ਸੂਬਿਆਂ ਦੀਆਂ ਚੋਣਾਂ ਇਕ ਵਿਸ਼ੇਸ਼ ਮਿਆਦ ਦੇ ਲਗਭਗ ਹੁੰਦੀਆਂ ਹਨ।

ਹਾਲ ਹੀ ਦੇ ਪ੍ਰਦਰਸ਼ਨ

ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ 'ਆਪ' ਨੇ 2013 'ਚ ਸਿਆਸਤ ਵਿਚ ਸ਼ੁਰੂਆਤ ਕੀਤੀ ਅਤੇ 70 ਮੈਂਬਰੀ ਦਿੱਲੀ ਵਿਧਾਨ ਸਭਾ ਵਿਚ 28 ਸੀਟਾਂ ਜਿੱਤੀਆਂ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪਹਿਲਾ ਕਾਰਜਕਾਲ ਕਾਂਗਰਸ ਦੇ ਬਾਹਰੀ ਸਮਰਥਨ ਨਾਲ ਸਿਰਫ 49 ਦਿਨ ਚੱਲਿਆ ਸੀ ਜਦ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ। ਦਿੱਲੀ ਵਿਚ ਪੋਲਿੰਗ 'ਚ ਦੇਰੀ ਹੋਈ ਅਤੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਸਾਰੀਆਂ 7 ਸੀਟਾਂ ਜਿੱਤੀਆਂ। 2015 ਵਿਚ 'ਆਪ' ਨੇ ਵਿਧਾਨ ਸਭਾ ਚੋਣਾਂ ਵਿਚ ਵਾਪਸੀ ਕੀਤੀ ਅਤੇ 67 ਸੀਟਾਂ ਜਿੱਤੀਆਂ। 2019 ਦੀਆਂ ਆਮ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਨੇ ਦਿੱਲੀ ਦੀਆਂ ਸਾਰੀਆਂ 7 ਲੋਕ ਸਭਾ ਸੀਟਾਂ ਮੁੜ ਜਿੱਤੀਆਂ।

'ਆਪ' ਦੀ ਚਿੰਤਾ

2015 ਦੀਆਂ ਵਿਧਾਨ ਸਭਾ ਚੋਣਾਂ 'ਚ 'ਆਪ' ਦਾ ਵੋਟ ਫੀਸਦੀ 54 ਫੀਸਦੀ ਸੀ, ਜੋ 2017 ਦੀਆਂ ਨਗਰ ਪਾਲਿਕਾ ਚੋਣਾਂ ਵਿਚ ਘੱਟ ਕੇ 26.2 ਫੀਸਦੀ ਰਹਿ ਗਿਆ। 2014 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ 2019 ਵਿਚ 'ਆਪ' ਦਾ ਵੋਟ ਹਿੱਸਾ 18.1 ਫੀਸਦੀ ਰਹਿ ਗਿਆ, ਜੋ ਕਿ 2014 ਵਿਚ 33.1 ਫੀਸਦੀ ਸੀ। ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਦੇ ਵੋਟ ਸ਼ੇਅਰ ਨੂੰ ਦੇਖਿਆ ਜਾਵੇ ਤਾਂ 'ਆਪ' ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਵਿਚੋਂ 65 ਭਾਜਪਾ ਦੇ ਹੱਥੋਂ ਹਾਰ ਗਈ ਹੈ ਪਰ ਕੇਜਰੀਵਾਲ ਬਹਾਦੁਰੀ ਨਾਲ ਉਸ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਲੋਕ ਸਭਾ ਚੋਣਾਂ ਦੇ ਐਲਾਨ ਦੇ ਇਕ ਦਿਨ ਬਾਅਦ ਹੀ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਲਈ ਬਿਗੁਲ ਵਜਾ ਦਿੱਤਾ ਸੀ। ਉਨ੍ਹਾਂ ਪਾਰਟੀ ਵਰਕਰਾਂ ਅਤੇ ਨੇਤਾਵਾਂ ਨੂੰ ਕਿਹਾ ਹੈ ਕਿ ਉਹ ਨਿਰਾਸ਼ ਨਾ ਹੋਣ ਅਤੇ ਲੋਕਾਂ ਕੋਲ ਵਾਪਸ ਜਾਣ ਤੇ ਉਨ੍ਹਾਂ ਨੂੰ ਦੱਸਣ ਕਿ 'ਵੱਡੀਆਂ ਚੋਣਾਂ' (ਲੋਕ ਸਭਾ) ਖਤਮ ਹੋ ਗਈਆਂ ਹਨ ਅਤੇ 'ਛੋਟੀਆਂ ਚੋਣਾਂ' (ਵਿਧਾਨ ਸਭਾ) ਛੇਤੀ ਹੋਣ ਵਾਲੀਆਂ ਹਨ। ਲੋਕਾਂ ਤਕ ਇਹ ਸੰਦੇਸ਼ ਪਹੁੰਚਾਓ ਕਿ ਉਹ 'ਆਪਣੀਆਂ ਗਲਤੀਆਂ ਨੂੰ ਸੁਧਾਰਨਗੇ'। ਉਨ੍ਹਾਂ ਆਪਣੇ ਮੰਤਰੀਆਂ ਨੂੰ ਕਿਹਾ ਹੈ ਕਿ ਉਹ 'ਆਪ' ਸਰਕਾਰ ਦੀਆਂ ਸਾਰੀਆਂ ਮੁਖ ਯੋਜਨਾਵਾਂ ਨੂੰ ਫਾਸਟ ਟਰੈਕ 'ਤੇ ਰੱਖਣ। ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਅਸੀਂ ਉਨ੍ਹਾਂ ਸਥਾਨਾਂ ਦੀ ਪਛਾਣ ਕਰ ਰਹੇ ਹਾਂ ਜਿਥੇ ਲੋਕਾਂ ਨੂੰ ਬਿਜਲੀ ਜਾਂ ਪੀਣ ਦਾ ਪਾਣੀ ਨਹੀਂ ਮਿਲਦਾ ਹੈ। ਮੈਂ ਯਕੀਨੀ ਕਰਾਂਗਾ ਕਿ ਇਨ੍ਹਾਂ ਸਮੱਸਿਆਵਾਂ ਦਾ ਹੱਲ ਹੋ ਜਾਵੇ।

2015 ਦੇ ਤਜਰਬੇ ਨੂੰ ਦੋਹਰਾਉਣਾ ਨਹੀਂ ਚਾਹੁੰਦੀ ਭਾਜਪਾ

ਭਾਜਪਾ ਨੇ 2014 ਦੇ ਮੁਕਾਬਲੇ ਆਪਣੇ ਵੋਟ ਹਿੱਸੇ ਵਿਚ 47 ਫੀਸਦੀ ਤੋਂ 51.6 ਫੀਸਦੀ ਦਾ ਵਾਧਾ ਦਰਜ ਕੀਤਾ ਪਰ ਭਾਜਪਾ 2015 ਦੇ ਆਪਣੇ ਤਜਰਬੇ ਨੂੰ ਦੋਹਰਾਉਣਾ ਨਹੀਂ ਚਾਹੁੰਦੀ। 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਦਿੱਲੀ ਵਿਧਾਨ ਸਭਾ ਚੋਣਾਂ ਵਿਚ 'ਆਪ' ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਇਸ ਲਈ ਭਾਜਪਾ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ 'ਆਪ' ਨੂੰ ਚੁਣੇ ਜਾਣ ਦਾ ਮੌਕਾ ਨਹੀਂ ਦੇਣਾ ਚਾਹੁੰਦੀ ਹੈ। ਤਿਵਾੜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਲੋਕਾਂ ਦੀਆਂ ਉਮੀਦਾਂ 'ਤੇ ਪੂਰੇ ਉਤਰੇ ਹਨ ਜਦਕਿ ਮੁੱਖ ਮੰਤਰੀ ਨੇ ਦਿੱਲੀ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ ਜੋ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਵਿਚ ਸਬਕ ਸਿਖਾਉਣਗੇ।

ਅਕਤੂਬਰ ਦੇ ਨੇੜੇ-ਤੇੜੇ ਕਦੇ ਵੀ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ। ਉਸ ਨੂੰ ਦੇਖਦੇ ਹੋਏ ਅਸੀਂ 'ਬੈਕ-ਟੂ-ਬੇਸਿਕਸ' ਨਜ਼ਰੀਆ ਅਪਣਾਉਂਦੇ ਹੋਏ ਦਿੱਲੀ ਵਿਚ ਡੋਰ-ਟੂ-ਡੋਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

-ਰਾਘਵ ਚੱਢਾ, ਸੀਨੀਅਰ ਨੇਤਾ 'ਆਪ'

ਅਕਤੂਬਰ ਵਿਚ ਚੋਣਾਂ ਹੋ ਸਕਦੀਆਂ ਹਨ। ਇਸ ਦੇ ਮੱਦੇਨਜ਼ਰ ਕਾਂਗਰਸ ਪੂਰੀ ਤਰ੍ਹਾਂ ਤਿਆਰ ਹੈ।

-ਜਤਿੰਦਰ ਕੁਮਾਰ ਕੋਚਰ, ਦਿੱਲੀ ਕਾਂਗਰਸ ਦਾ ਬੁਲਾਰਾ

ਭਾਜਪਾ ਮੈਦਾਨ ਵਿਚ ਉਤਰ ਰਹੀ ਹੈ। ਚੋਣਾਂ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਹਨ।

-ਮਨੋਜ ਤਿਵਾੜੀ, ਪ੍ਰਧਾਨ ਦਿੱਲੀ ਭਾਜਪਾ

Inder Prajapati

This news is Content Editor Inder Prajapati