ਦਿੱਲੀ ਵਿਧਾਨ ਸਭਾ ਚੋਣਾਂ 2020 : ਕਿਸ ਦੀ ਹੋਵੇਗੀ ਦਿੱਲੀ? ਫੈਸਲਾ ਕੱਲ

02/10/2020 4:58:49 PM

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ 2020 ਲਈ 8 ਫਰਵਰੀ ਨੂੰ ਵੋਟਾਂ ਪਈਆਂ ਸਨ। ਨਤੀਜੇ ਕੱਲ ਭਾਵ 11 ਫਰਵਰੀ ਨੂੰ ਐਲਾਨੇ ਜਾਣਗੇ। ਨਤੀਜਿਆਂ ਤੋਂ ਬਾਅਦ ਤਸਵੀਰ ਸਾਫ ਹੋ ਜਾਵੇਗੀ ਕਿ ਆਖਰਕਾਰ ਦਿੱਲੀ ਦੀ ਸੱਤਾ ਦੀ ਚਾਬੀ ਕਿਸ ਦੇ ਹੱਥ ਆਉਂਦੀ ਹੈ। ਦਿੱਲੀ ਵਿਚ ਨਵੀਂ ਸਰਕਾਰ ਨੂੰ ਲੈ ਕੇ ਕੱਲ ਉਡੀਕ ਖਤਮ ਹੋ ਜਾਵੇਗੀ। ਭਾਰਤੀ ਚੋਣ ਕਮਿਸ਼ਨ ਮੁਤਾਬਕ ਦਿੱਲੀ ਦੀਆਂ ਸਾਰੀਆਂ ਸੀਟਾਂ 'ਤੇ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਇਕ ਤੋਂ ਬਾਅਦ ਇਕ ਯਾਨੀ ਕਿ 9 ਵਜੇ ਤੋਂ ਸਾਰੀਆਂ 70 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਦੇ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ। 

ਵੋਟਿੰਗ ਤੋਂ ਬਾਅਦ ਸਾਹਮਣੇ ਆਏ ਐਗਜ਼ਿਟ ਪੋਲ 'ਚ ਆਮ ਆਦਮੀ ਪਾਰਟੀ 'ਆਪ' ਫਿਰ ਤੋਂ ਸੱਤਾ 'ਚ ਵਾਪਸੀ ਕਰਦੀ ਨਜ਼ਰ ਆ ਰਹੀ ਹੈ। ਉੱਥੇ ਹੀ ਭਾਜਪਾ ਪਾਰਟੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਦੀ ਹਾਰ ਦਾ ਅਨੁਮਾਨ ਲਾਉਣ ਵਾਲੇ ਐਗਜ਼ਿਟ ਪੋਲ ਦੇ ਨਤੀਜੇ ਫੇਲ ਹੋਣਗੇ। ਦੂਜੇ ਪਾਸੇ ਕਾਂਗਰਸ ਦਾ ਕਹਿਣਾ ਹੈ ਕਿ ਐਗਜ਼ਿਟ ਪੋਲ 'ਤੇ ਨਹੀਂ ਨਤੀਜਿਆਂ 'ਤੇ ਹੀ ਕੁਝ ਕਹਾਂਗੇ। 

ਦੱਸਣਯੋਗ ਹੈ ਕਿ ਦਿੱਲੀ ਵਿਚ ਵੋਟਿੰਗ ਖਤਮ ਹੋਣ ਦੇ ਕਰੀਬ 24 ਘੰਟਿਆਂ ਬਾਅਦ ਚੋਣ ਕਮਿਸ਼ਨ ਨੇ ਐਤਵਾਰ ਸ਼ਾਮ ਨੂੰ ਐਲਾਨ ਕੀਤਾ ਕਿ ਵਿਧਾਨ ਸਭਾ ਚੋਣਾਂ 'ਚ ਆਖਰੀ ਵੋਟਿੰਗ ਫੀਸਦੀ 62.59 ਰਿਹਾ, ਜੋ 2015 ਦੇ ਅੰਕੜਿਆਂ ਤੋਂ 5 ਫੀਸਦੀ ਘੱਟ ਹੈ। ਇੱਥੇ ਦੱਸ ਦੇਈਏ ਕਿ ਦਿੱਲੀ 'ਚ 70 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਈ। ਇਨ੍ਹਾਂ ਚੋਣਾਂ 'ਚ ਕੁੱਲ 672 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।

Tanu

This news is Content Editor Tanu