ਦਿੱਲੀ ਦੀ ਆਬੋ-ਹਵਾ ਹੋਈ ‘ਜ਼ਹਿਰੀਲੀ’, ਸਰਕਾਰ ਨੇ ਪ੍ਰਦੂਸ਼ਣ ਰੋਕਣ ਲਈ ਚੁੱਕਿਆ ਵੱਡਾ ਕਦਮ

10/30/2022 6:07:01 PM

ਨਵੀਂ ਦਿੱਲੀ- ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਵਾ ਦੀ ਵਿਗੜਦੀ ਗੁਣਵੱਤਾ ਨੂੰ ਵੇਖਦੇ ਹੋਏ ਰਾਜਧਾਨੀ ’ਚ ਉਸਾਰੀ ਅਤੇ ਢਾਹੁਣ ਦੇ ਕੰਮਾਂ 'ਤੇ ਪਾਬੰਦੀ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ 586 ਟੀਮਾਂ ਦਾ ਗਠਨ ਕੀਤਾ ਹੈ। ਇਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਰਾਏ ਨੇ ਕਿਹਾ ਕਿ ਮਾਹਿਰਾਂ ਮੁਤਾਬਕ 1 ਨਵੰਬਰ ਤੋਂ ਹਵਾ ਦੀ ਗਤੀ ਅਤੇ ਦਿਸ਼ਾ ਅਨੁਕੂਲ ਨਹੀਂ ਹੈ,  ਜਿਸ ਨਾਲ ਦਿੱਲੀ ਦੀ ਹਵਾ ਦੀ ਗੁਣਵੱਤਾ 'ਗੰਭੀਰ' ਸ਼੍ਰੇਣੀ 'ਚ ਪਹੁੰਚਣ ਦਾ ਦਬਾਅ ਵਧ ਜਾਵੇਗਾ।

ਇਹ ਵੀ ਪੜ੍ਹੋ- ‘ਮਨ ਕੀ ਬਾਤ’ ਬੋਲੇ PM ਮੋਦੀ- ਸੌਰ ਊਰਜਾ ਨੇ ਸਾਡੀ ਜ਼ਿੰਦਗੀ ’ਚ ਲਿਆਉਂਦਾ ਬਦਲਾਅ, ਸਪੇਸ ’ਚ ਵੀ ਵਧੇ ਭਾਰਤ ਦੇ ਕਦਮ

ਇਸ ਲਈ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਨੇ ਅਧਿਕਾਰੀਆਂ ਨੂੰ ਰਾਸ਼ਟਰੀ ਰਾਜਧਾਨੀ ਖੇਤਰ (NCR) ਵਿਚ ਪਾਬੰਦੀਆਂ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਸ ਵਿਚ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਪੜਾਅ III ਦੇ ਤਹਿਤ ਉਸਾਰੀ ਅਤੇ ਢਾਹੁਣ ਦੀਆਂ ਗਤੀਵਿਧੀਆਂ 'ਤੇ ਪਾਬੰਦੀ ਸ਼ਾਮਲ ਹੈ। ਦੱਸ ਦੇਈਏ ਕਿ ਦਿੱਲੀ ’ਚ ਪ੍ਰਦੂਸ਼ਣ ਦੇ ਚੱਲਦੇ ਗੈਸ ਚੈਂਬਰ ’ਚ ਤਬਦੀਲ ਹੋ ਰਿਹਾ ਹੈ। ਦਿੱਲੀ-ਐੱਨ. ਸੀ. ਆਰ. ’ਚ ਰਹਿਣ ਵਾਲੇ ਲੋਕ ਹੁਣ ਜ਼ਹਿਰੀਲੀ ਹਵਾ ’ਚ ਸਾਹ ਲੈਣ ਨੂੰ ਮਜਬੂਰ ਹੋ ਰਹੇ ਹਨ।

ਮੰਤਰੀ ਰਾਏ ਨੇ ਕਿਹਾ ਕਿ ਅਸੀਂ ਲੋਕ ਨਿਰਮਾਣ ਵਿਭਾਗ, ਦਿੱਲੀ ਨਗਰ ਨਿਗਮ, ਰੇਲਵੇ, ਦਿੱਲੀ ਵਿਕਾਸ ਅਥਾਰਟੀ ਅਤੇ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਸਮੇਤ ਰਾਜਧਾਨੀ ਦੀਆਂ ਸਾਰੀਆਂ ਉਸਾਰੀ ਏਜੰਸੀਆਂ ਅਤੇ ਸਬੰਧਤ ਸਰਕਾਰੀ ਵਿਭਾਗਾਂ ਨਾਲ ਮੀਟਿੰਗਾਂ ਕੀਤੀਆਂ ਹਨ। ਅਸੀਂ ਫੈਸਲਾ ਕੀਤਾ ਹੈ ਕਿ ਸ਼ਹਿਰ ਵਿਚ ਉਸਾਰੀ ਅਤੇ ਢਾਹੁਣ ਦੀਆਂ ਗਤੀਵਿਧੀਆਂ 'ਤੇ ਪਾਬੰਦੀ ਲਗਾਈ ਜਾਵੇਗੀ।

ਇਹ ਵੀ ਪੜ੍ਹੋ- ਸੁਰਖੀਆਂ ’ਚ ਮੇਰਠ ਦਾ ‘ਬਾਹੂਬਲੀ ਸਮੋਮਾ’; 8 ਕਿਲੋ ਵਜ਼ਨ, 3 ਕਾਰੀਗਰਾਂ ਨੇ 5 ਘੰਟਿਆ ’ਚ ਬਣਾਇਆ

ਵਾਤਾਵਰਣ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਹਦਾਇਤਾਂ ਦੀ ਪਾਲਣਾ ਕਰਨ ਲਈ ਇਕ ਮਜ਼ਬੂਤ ​​ਨਿਗਰਾਨੀ ਸਿਸਟਮ ਵਿਕਸਿਤ ਕੀਤਾ ਗਿਆ ਹੈ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਕੁੱਲ 586 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਪਾਬੰਦੀਆਂ ਨੂੰ ਲਾਗੂ ਕਰਨ ਦੀ ਨਿਗਰਾਨੀ ਕਰਨਗੀਆਂ। ਇਹ ਪਾਬੰਦੀ ਰਾਸ਼ਟਰੀ ਸੁਰੱਖਿਆ, ਰੱਖਿਆ, ਰੇਲਵੇ ਅਤੇ ਮੈਟਰੋ ਰੇਲ ਸਮੇਤ ਜ਼ਰੂਰੀ ਪ੍ਰਾਜੈਕਟਾਂ 'ਤੇ ਲਾਗੂ ਨਹੀਂ ਹੋਵੇਗੀ। ਉਸਾਰੀ ਅਤੇ ਢਾਹੁਣ ਦੇ ਕੰਮਾਂ 'ਤੇ ਪਾਬੰਦੀ ਵਿਚ ਉਸਾਰੀ ਸਮੱਗਰੀ ਦੀ ਖੋਦਾਈ, ਬੋਰਿੰਗ, ਵੈਲਡਿੰਗ, ਨਿਰਮਾਣ ਸਮੱਗਰੀ ਦੀ ਢੋਆ-ਢੋਆਈ ਸ਼ਾਮਲ ਹੈ। ਇਸ ਤੋਂ ਇਲਾਵਾ ਕੱਚੇ ਮਾਲ ਦੀ ਢੋਆ-ਢੁਆਈ 'ਤੇ ਪਾਬੰਦੀ ਲਗਾਈ ਗਈ ਹੈ ਅਤੇ ਕੱਚੀ ਸੜਕ 'ਤੇ ਵਾਹਨਾਂ ਦੀ ਆਵਾਜਾਈ 'ਤੇ ਪਾਬੰਦੀ ਲਗਾਈ ਗਈ ਹੈ।

Tanu

This news is Content Editor Tanu