ਨਿਤੀਸ਼ ਦੀ ਅਗਵਾਈ ’ਚ ਬਿਹਾਰ ਦੇ 10 ਪਾਰਟੀਆਂ ਦੇ ਨੇਤਾ ਪੀ. ਐੱਮ. ਮੋਦੀ ਨੂੰ ਮਿਲੇ

08/24/2021 11:59:35 AM

ਨਵੀਂ ਦਿੱਲੀ (ਭਾਸ਼ਾ)– ਬਿਹਾਰ ਵਿਚ ਸੱਤਾਧਾਰੀ ਅਤੇ ਵਿਰੋਧੀ ਧਿਰ ਦੀਆਂ 10 ਪ੍ਰਮੁੱਖ ਸਿਆਸੀ ਪਾਰਟੀਆਂ ਨੇ ਦਲਗਤ ਭਾਵਨਾ ਤੋਂ ਉਪਰ ਉੱਠ ਕੇ ਪੂਰੇ ਦੇਸ਼ ਵਿਚ ਜਾਤੀ ਆਧਾਰ ’ਤੇ ਜਨਗਣਨਾ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਸੂਬਾ ਸਰਕਾਰ ਵਿਚ ਸ਼ਾਮਲ ਭਾਜਪਾ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਦੀ ਅਗਵਾਈ ਵਿਚ 10 ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਇਥੇ ਸਾਊਥ ਬਲਾਕ ਵਿਚ ਪ੍ਰਧਾਨ ਮੰਤਰੀ ਦਫ਼ਤਰ ਵਿਚ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀਆਂ ਮੰਗਾਂ ਤੋਂ ਇਨਕਾਰ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਫੈਸਲਾ ਪ੍ਰਧਾਨ ਮੰਤਰੀ ਨੇ ਕਰਨਾ ਹੈ। ਲਗਭਗ 40 ਮਿੰਟ ਤੋਂ ਜ਼ਿਆਦਾ ਚੱਲੀ ਬੈਠਕ ਤੋਂ ਬਾਅਦ ਮੀਡੀਆ ਨਾਲ ਮੁਖਾਤਿਬ ਹੁੰਦੇ ਹੋਏ ਨਿਤੀਸ਼ ਕੁਮਾਰ ਨੇ ਕਿਹਾ ਕਿ ਬਿਹਾਰ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੀ ਜਾਤੀ ਆਧਾਰਤ ਜਨਗਣਨਾ ਨੂੰ ਲੈ ਕੇ ਇਕ ਮਤ ਹੈ। ਅਸੀਂ ਸਾਰਿਆਂ ਨੇ ਪ੍ਰਧਾਨ ਮੰਤਰੀ ਤੋਂ ਇਸ ਦੀ ਮੰਗ ਕੀਤੀ ਹੈ।

ਤੇਜਸਵੀ ਬੋਲੇ-ਜਾਨਵਰਾਂ ਦੀ ਗਣਨਾ ਹੁੰਦੀ ਹੈ ਤਾਂ ਇਨਸਾਨਾਂ ਦੀ ਕਿਉਂ ਨਹੀਂ?
ਰਾਜਦ ਨੇਤਾ ਤੇਜਸਵੀ ਯਾਦਵ ਵੀ ਪੀ. ਐੱਮ. ਨੂੰ ਮਿਲਣ ਵਾਲੇ ਵਫ਼ਦ ਦਾ ਹਿੱਸਾ ਸਨ। ਉਨ੍ਹਾਂ ਕਿਹਾ ਕਿ ਜਾਤੀਆਂ ਨੂੰ ਓ. ਬੀ. ਸੀ. ਵਿਚ ਸ਼ਾਮਲ ਕਰਨ ਦਾ ਹੱਕ ਸੂਬਾ ਸਰਕਾਰਾਂ ਨੂੰ ਦੇ ਦਿੱਤਾ ਗਿਆ ਹੈ ਪਰ ਇਸ ਨਾਲ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਸਾਡੇ ਕੋਲ ਕੋਈ ਅੰਕੜੇ ਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਜਾਤੀ ਆਧਾਰਤ ਜਨਗਣਨਾ ਰਾਸ਼ਟਰ ਹਿੱਤ ਵਿਚ ਇਤਿਹਾਸਕ ਕੰਮ ਹੋਵੇਗਾ। ਇਕ ਵਾਰ ਅੰਕੜੇ ਸਾਹਮਣੇ ਆ ਜਾਣਗੇ ਤਾਂ ਸਰਕਾਰਾਂ ਉਸ ਦੇ ਹਿਸਾਬ ਨਾਲ ਭਲਾਈ ਵਾਲੀਆਂ ਯੋਜਨਾਵਾਂ ਨੂੰ ਵੀ ਲਾਗੂ ਕਰ ਸਕਣਗੀਆਂ। ਤੇਜਸਵੀ ਬੋਲੇ-ਜਦੋਂ ਦੇਸ਼ ਵਿਚ ਜਾਨਵਰਾਂ, ਦਰੱਖਤਾਂ ਤੇ ਪੌਦਿਆਂ ਦੀ ਗਣਨਾ ਹੁੰਦੀ ਹੈ ਤਾਂ ਇਨਸਾਨਾਂ ਦੀ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਧਰਮ ਦੇ ਆਧਾਰ ’ਤੇ ਜਨਗਣਨਾ ਹੁੰਦੀ ਹੈ ਤਾਂ ਜਾਤੀ ਦੇ ਆਧਾਰ ’ਤੇ ਵੀ ਹੋ ਕੇ ਰਹੇਗੀ। ਵਫ਼ਦ ਵਿਚ ਨਿਤੀਸ਼ ਤੇ ਤੇਜਸਵੀ ਯਾਦਵ ਤੋਂ ਇਲਾਵਾ ਮੰਤਰੀ ਵਿਜੇ ਕੁਮਾਰ ਚੌਧਰੀ, ਭਾਜਪਾ ਦੇ ਨੇਤਾ ਜਨਕ ਰਾਮ, ਕਾਂਗਰਸ ਨੇਤਾ ਅਜਿਤ ਸ਼ਰਮਾ, ਹਿੰਦੁਸਤਾਨੀ ਆਵਾਮੀ ਮੋਰਚਾ ਦੇ ਜੀਤਨ ਰਾਮ ਮਾਂਝੀ, ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਵਿਧਾਇਕ ਅਜੇ ਕੁਮਾਰ, ਭਾਰਤੀ ਕਮਿਊਨਿਸਟ ਪਾਰਟੀ ਦੇ ਨੇਤਾ ਸੂਰਜਕਾਂਤ ਪਾਸਵਾਨ, ਵੀ. ਆਈ. ਪੀ. ਪਾਰਟੀ ਦੇ ਨੇਤਾ ਮੁਕੇਸ਼, ਆਲ ਇੰਡੀਆ ਮਜਲਿਸ-ਓ-ਇਤੇਹਾਦੁਲ ਮੁਸਲਮੀਨ (ਏ. ਆਈ. ਐੱਮ. ਆਈ. ਐੱਮ.) ਦੇ ਅਖਤਰੂਲ ਇਮਾਮ ਸ਼ਾਮਲ ਸਨ।

DIsha

This news is Content Editor DIsha