ਭਾਰਤ ਤੇ ਰੂਸ ਵਿਚਾਲੇ ‘AK-203 ਰਾਈਫ਼ਲ’ ਸੌਦੇ ’ਤੇ ਲੱਗੀ ਮੋਹਰ, ਰੱਖਿਆ ਮੰਤਰੀਆਂ ਨੇ ਕੀਤੇ ਦਸਤਖ਼ਤ

12/06/2021 5:52:19 PM

ਨਵੀਂ ਦਿੱਲੀ— ਭਾਰਤ ਅਤੇ ਰੂਸ ਨੇ ਰੱਖਿਆ ਖੇਤਰ ’ਚ ਸਹਿਯੋਗ ਅਤੇ ਭਾਈਵਾਲ ਨੂੰ ਮਜ਼ਬੂਤ ਬਣਾਉਣ ਲਈ ਸੋਮਵਾਰ ਯਾਨੀ ਕਿ ਅੱਜ 4 ਸਮਝੌਤਿਆਂ ਅਤੇ ਪ੍ਰੋਟੋਕਾਲ ’ਤੇ ਦਸਤਖ਼ਤ ਕੀਤੇ। ਇਨ੍ਹਾਂ ਸਮਝੌਤਿਆਂ ’ਚ ਫ਼ੌਜ ਲਈ 6 ਲੱਖ ਦੇ ਏਕੇ-203 ਅਸਾਲਟ ਰਾਈਫ਼ਲ ਖਰੀਦਣ ਦਾ ਸੌਦਾ ਵੀ ਸ਼ਾਮਲ ਹੈ। ਰੱਖਿਆ ਸੂੁਤਰਾਂ ਨੇ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਦੀ ਸਹਿ-ਪ੍ਰਧਾਨਗੀ ਵਿਚ ਇੱਥੇ ਸੁਸ਼ਮਾ ਸਵਰਾਜ ਭਵਨ ’ਚ ਭਾਰਤ-ਰੂਸ ਅੰਤਰ ਸਰਕਾਰੀ ਕਮਿਸ਼ਨ ਦੀ 20ਵੀਂ ਬੈਠਕ ਦੌਰਾਨ ਇਨ੍ਹਾਂ ਸਮਝੌਤਿਆਂ ਅਤੇ ਪ੍ਰੋਟੋਕਾਲ ’ਤੇ ਦਸਤਖ਼ਤ ਕੀਤੇ ਗਏ ਹਨ।

ਇਹ ਵੀ ਪੜ੍ਹੋ: ਕੁੰਡਲੀ ਬਾਰਡਰ ਤੋਂ ਨਿਹੰਗਾਂ ਨੇ ਘਰ ਪਰਤਣ ਦੀ ਕੀਤੀ ਤਿਆਰੀ, ਟਰੱਕਾਂ ’ਚ ਭਰਿਆ ਸਾਮਾਨ

ਅਧਿਕਾਰੀਆਂ ਨੇ ਦੱਸਿਆ ਕਿ ਸਭ ਤੋਂ ਮਹੱਤਵਪੂਰਨ ਕਰਾਰ ਭਾਰਤ-ਰੂਸ ਰਾਈਫ਼ਲਜ਼ ਪ੍ਰਾਈਵੇਟ ਲਿਮਟਿਡ ਦੇ ਜ਼ਰੀਏ 6,01,427 ਏਕੇ-203 ਰਾਈਫ਼ਲਜ਼ ਦੇ ਨਿਰਮਾਣ ਨੂੰ ਲੈ ਕੇ ਹੈ। ਏਕੇ-203 ਅਸਾਲਟ ਰਾਈਫ਼ਲ 300 ਮੀਟਰ ਦੀ ਦੂਰੀ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਮਾਰ ਕਰਦੀ ਹੈ ਅਤੇ ਇਹ ਹਲਕੀ, ਮਜ਼ਬੂਤ ਅਤੇ ਇਸਤੇਮਾਲ ਕਰਨ ’ਚ ਆਸਾਨ ਹੈ। ਇਸ ਨਾਲ ਅੱਤਵਾਦ ਰੋਕੂ ਮੁਹਿੰਮ ਵਿਚ ਫ਼ੌਜ ਦੀ ਸਮਰੱਥਾ ਵਧੇਗੀ। ਬੈਠਕ ’ਚ ਫ਼ੌਜੀ ਤਕਨੀਕੀ ਸਹਿਯੋਗ ਨਾਲ ਸਬੰਧਤ ਸਾਲ 2021 ਤੋਂ 2031 ਤੱਕ ਦੇ ਪ੍ਰੋਗਰਾਮ ’ਤੇ ਵੀ ਦਸਤਖ਼ਤ ਕੀਤੇ ਗਏ।  ਬੈਠਕ ਵਿਚ ਰੱਖਿਆ ਚੀਫ਼ ਜਨਰਲ ਬਿਪਿਨ ਰਾਵਤ, ਫੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ, ਜਲ ਸੈਨਾ ਮੁਖੀ ਐਡਮਿਰਲ ਆਰ. ਹਰੀ ਕੁਮਾਰ, ਹਵਾਈ ਫ਼ੌਜ ਮੁਖੀ ਏਅਰ ਚੀਫ਼ ਮਾਰਸ਼ਲ ਵੀ. ਆਰ. ਚੌਧਰੀ, ਰੱਖਿਆ ਸਕੱਤਰ ਅਜੇ ਕੁਮਾਰ, ਡੀ. ਆਰ. ਡੀ. ਓ. ਦੇ ਪ੍ਰਧਾਨ ਡਾ. ਜੀ. ਸਤੀਸ਼ ਰੈੱਡੀ, ਸੀਨੀਅਰ ਫ਼ੌਜੀਆਂ ਨੇ ਵੀ ਹਿੱਸਾ ਲਿਆ।

ਇਹ ਵੀ ਪੜ੍ਹੋ: ਮੋਰਚੇ ਦੀ ਜਿੱਤ ’ਚ ਹਰਿਆਣਾ ਵਾਸੀਆਂ ਦਾ ਵੱਡਾ ਯੋਗਦਾਨ, ‘ਧੰਨਵਾਦ’ ਕਰਦੇ ਨਹੀਂ ਥੱਕ ਰਹੇ ਪੰਜਾਬ ਦੇ ਕਿਸਾਨ

ਓਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉੱਭਰਦੇ ਭੂ-ਰਾਜਨੀਤਕ ਹਾਲਾਤਾਂ ’ਚ ਅੱਜ ਸਾਲਾਨਾ ਭਾਰਤ-ਰੂਸ ਸ਼ਿਖਰ ਸੰਮੇਲਨ ਇਕ ਵਾਰ ਫਿਰ ਸਾਡੇ ਦੇਸ਼ਾਂ ਵਿਚਾਲੇ ਵਿਸ਼ੇਸ਼ ਰਣਨੀਤਕ ਸਾਂਝੇਦਾਰੀ ਦੇ ਮਹੱਤਵਪੂਰਨ ਮਹੱਤਵ ਦੀ ਪੁਸ਼ਟੀ ਕਰਦਾ ਹੈ। ਉਨ੍ਹਾਂ ਨੇ ਰੂਸ ਵਲੋਂ ਭਾਰਤ ਨੂੰ ਦਿੱਤੇ ਜਾਣ ਵਾਲੇ ਮਜ਼ਬੂਤ ਸਹਿਯੋਗ ਦੀ ਸ਼ਲਾਘਾ ਕੀਤੀ। ਸਿੰਘ ਨੇ ਆਸ ਜ਼ਾਹਰ ਕੀਤੀ ਕਿ ਸਹਿਯੋਗ ਨਾਲ ਖੇਤਰ ’ਚ ਸ਼ਾਂਤੀ, ਖ਼ੁਸ਼ਹਾਲੀ ਅਤੇ ਸਥਿਰਤਾ ਆਵੇਗੀ, ਭਾਰਤ-ਰੂਸ ਹਿੱਸੇਦਾਰੀ ਦੇ ਮਹੱਤਵਪੂਰਨ ਸਤੰਭਾਂ ’ਚੋਂ ਇਕ ਹੈ। 

ਇਹ ਵੀ ਪੜ੍ਹੋ: ਦੁਸ਼ਯੰਤ ਚੌਟਾਲਾ ਨੇ ਲਾਏ ਦਾਦਾ ਦੇ ਪੈਰੀਂ ਹੱਥ, ਤਸਵੀਰ ਪੋਸਟ ਕਰ ਲਿਖੀ ਦਿਲ ਨੂੰ ਛੂਹ ਲੈਣ ਵਾਲੀ ਗੱਲ

ਦੱਸਣਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਭਾਰਤ ਦੌਰੇ ’ਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੁਤਿਨ ਵਿਚਾਲੇ ਅਹਿਮ ਬੈਠਕ ਹੋਵੇਗੀ। ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਅਤੇ ਵਿਦੇਸ਼ ਮੰਤਰੀ ਐਤਵਾਰ ਰਾਤ ਨੂੰ ਭਾਰਤ ਪੁੱਜ ਗਏ ਸਨ। 


 

Tanu

This news is Content Editor Tanu