ਮੱੱਧ ਪ੍ਰਦੇਸ਼: ਪਤਨੀ ਦੇ ਸਾਹਮਣੇ ਦਲਿਤ ਕਿਸਾਨ ਨੂੰ ਜ਼ਿੰਦਾ ਸਾੜਿਆ, ਮੌਤ

06/22/2018 3:25:25 PM

ਨਵੀਂ ਦਿੱਲੀ— ਮੱਧ ਪ੍ਰਦੇਸ਼ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਰਾਜ ਦੀ ਰਾਜਧਾਨੀ ਭੋਪਾਲ ਦੇ ਘਾਟਖੇੜੀ ਪਿੰਡ 'ਚ ਇਕ ਦਲਿਤ ਕਿਸਾਨ ਦਾ ਜ਼ਿੰਦਾ ਸਾੜ ਕੇ ਕਤਲ ਕਰ ਦਿੱਤਾ ਗਿਆ। ਦਬੰਗਾਂ ਨੇ ਪਤਨੀ ਦੇ ਸਾਹਮਣੇ ਹੀ ਦਲਿਤ ਨੂੰ ਜ਼ਿੰਦਾ ਸਾੜਿਆ। ਮਰਨ ਵਾਲੇ ਕਿਸਾਨ ਦੀ ਉਮਰ 70 ਸਾਲ ਦੱਸੀ ਜਾ ਰਹੀ ਹੈ। ਇਸ ਘਟਨਾ ਦੇ ਬਾਅਦ ਪੂਰੇ ਪਿੰਡ 'ਚ ਤਨਾਅ ਹੈ। ਪਿੰਡ 'ਚ ਸ਼ਾਂਤੀ ਲਈ ਭਾਰੀ ਸੰਖਿਆ 'ਚ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। 
ਚਾਰ ਦਬੰਗਾਂ ਨੇ ਵੀਰਵਾਰ ਨੂੰ 70 ਸਾਲ ਦੇ ਦਲਿਤ ਕਿਸਾਨ ਕਿਸ਼ੋਰੀ ਲਾਲ ਜਾਟਵ ਨੂੰ ਉਨ੍ਹਾਂ ਦੀ ਪਤਨੀ ਸਾਹਮਣੇ ਪੈਟਰੋਲ ਪਾ ਕੇ ਜ਼ਿੰਦਾ ਸਾੜ ਦਿੱਤਾ। ਕਿਸਾਨ ਦਾ ਕਸੂਰ ਸਿਰਫ ਇੰਨਾ ਸੀ ਕਿ ਉਨ੍ਹਾਂ ਨੇ ਆਪਣੇ ਜ਼ਮੀਨ 'ਤੇ ਦਬੰਗਾਂ ਨੂੰ ਖੇਤੀ ਕਰਨ 'ਤੇ ਰੋਕਿਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜੀ ਅਤੇ ਚਾਰ ਲੋਕਾਂ 'ਤੇ ਐਸ.ਸੀ-ਐਸ.ਟੀ ਐਕਟ ਤਹਿਤ ਕੇਸ ਦਰਜ ਕਰਵਾਇਆ। ਸ਼ਾਮ ਤੱਕ ਜਾਂਚ ਕਰਨ ਦੇ ਬਾਅਦ ਪੁਲਸ ਨੇ ਰਾਤੀ ਕਰੀਬ 11.30 ਵਜੇ ਚਾਰ ਦੋਸ਼ੀਆਂ ਨੂੰ ਪਿੰਡ ਨੇੜੇ ਹਿਰਾਸਤ 'ਚ ਲੈ ਲਿਆ। ਮ੍ਰਿਤਕ ਕਿਸਾਨ ਕਿਸ਼ੋਰੀ ਲਾਲ ਦੇ ਬੇਟੇ ਨੇ ਦੱਸਿਆ ਕਿ 2002 'ਚ ਸਰਕਾਰ ਨੇ 3.5 ਏਕੜ ਜ਼ਮੀਨ ਸਾਨੂੰ ਖੇਤੀ ਲਈ ਦਿੱਤੀ ਸੀ। ਸਵੇਰੇ ਕਰੀਬ 9 ਵਜੇ ਕਿਸ਼ੋਰੀ ਲਾਲ ਨੂੰ ਸੂਚਨਾ ਮਿਲੀ ਕਿ ਕੁਝ ਲੋਕ ਉਨ੍ਹਾਂ ਦੇ ਖੇਤਾਂ 'ਚ ਖੇਤੀ ਕਰ ਰਹੇ ਹਨ। ਕਿਸ਼ੋਰੀ ਲਾਲ ਪਤਨੀ ਨਾਲ ਖੇਤ ਪੁੱਜੇ ਤਾਂ ਪਿੰਡ ਦਾ ਤੀਰਨ ਯਾਦਵ ਆਪਣੇ ਬੇਟੇ ਪ੍ਰਕਾਸ਼ ਅਤੇ ਭਤੀਜੇ ਬਲਵੀਰ ਅਤੇ ਸੰਜੂ ਯਾਦਵ ਨਾਲ ਖੇਤੀ ਕਰ ਰਹੇ ਸਨ। ਕਿਸ਼ੋਰੀਲਾਲ ਨੇ ਤੀਰਨ ਯਾਦਵ ਨੂੰ ਖੇਤੀ ਕਰਨ ਤੋਂ ਰੋਕਿਆ। ਇਸ 'ਤੇ ਬੇਟਿਆਂ-ਭਤੀਜਿਆਂ ਨੇ ਕਿਸ਼ੋਰੀ ਲਾਲ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। 


ਕਿਸਾਨ ਦੇ ਬੇਟੇ ਨੇ ਦੱਸਿਆ ਕਿ ਉਸ ਦੀ ਮਾਂ ਚੀਕਦੀ ਰਹੀ ਪਰ ਕਿਸੇ ਨੇ ਉਨ੍ਹਾਂ ਦੀ ਨਹੀਂ ਸੁਣੀ। ਬਾਅਦ ਮਾਂ ਭੱਜ ਕੇ ਘਰ ਆਈ ਤਾਂ ਉਨ੍ਹਾਂ ਨੇ ਪੂਰੀ ਘਟਨਾ ਦੱਸੀ। ਅਸੀਂ ਤੁਰੰਤ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਪਰ ਅਸੀਂ ਉਨ੍ਹਾਂ ਨੂੰ ਬਚਾ ਨਾ ਸਕੇ।