ਕਰੰਟ ਨੇ ਲਈ ਘਰ ਦੇ 4 ਜੀਆਂ ਦੀ ਜਾਨ

07/21/2017 11:19:53 PM

ਰਾਏਪੁਰ— ਛੱਤੀਸਗੜ੍ਹ ਦੇ ਬਾਲੋਦ ਜ਼ਿਲੇ 'ਚ ਕਰੰਟ ਲੱੱਗਣ ਨਾਲ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ 'ਚ ਤਿੰਨ ਔਰਤਾਂ ਸ਼ਾਮਲ ਹਨ। ਬਾਲੋਦ ਜ਼ਿਲੇ ਪੁਲਸ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਜ਼ਿਲੇ ਦੇ ਗੁਰੂਰ ਥਾਣਾ ਖੇਤਰ ਅਧੀਨ ਸੋਰਰ ਪਿੰਡ 'ਚ ਅਰਥ ਵਾਲੀ ਤਾਰ ਨਾਲ ਕਰੰਟ ਲੱਗਣ ਨਾਲ ਸੱਤਿਆਨਾਰਾਇਨ ਪਟੇਲ (43), ਉਨ੍ਹਾਂ ਦੀ ਮਾਤਾ ਰਾਜਬਤੀ (60), ਪਤਨੀ ਦਾਮਿਨੀ (35) ਅਤੇ ਉਨ੍ਹਾਂ ਦੇ ਛੋਟੇ ਭਰਾ ਦੀ ਪਤਨੀ ਚਿਤਰਲੇਖਾ (21) ਦੀ ਮੌਤ ਹੋ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਜਾਣਕਾਰੀ ਅਨੁਸਾਰ ਅਰਥ ਵਾਲੀ ਤਾਰ 'ਚ ਮੀਂਹ ਕਾਰਨ ਕਰੰਟ ਆਉਣ ਨਾਲ ਹਾਦਸਾ ਹੋਇਆ ਹੈ। 
ਉਨ੍ਹਾਂ ਦੀ ਜਾਣਕਾਰੀ ਮੁਤਾਬਕ ਘਰ ਦੀ ਇਕ ਔਰਤ ਸ਼ੁੱਕਰਵਾਰ ਨੂੰ ਸਵੇਰੇ ਕਪੜਾ ਸੁਕਾਉਣ ਗਈ ਤਦ ਉਹ ਤਾਰ ਦੇ ਸੰਪਰਕ 'ਚ ਆ ਗਈ। ਇਸ ਤਾਰ 'ਚ ਮੀਂਹ ਕਾਰਨ ਕਰੰਟ ਆ ਗਿਆ ਸੀ। ਤਾਰ 'ਚ ਕਰੰਟ ਹੋਣ ਦੇ ਕਾਰਨ ਔਰਤ ਤਾਰ ਨਾਲ ਚਿਪਕ ਗਈ। ਔਰਤ ਨੂੰ ਕਰੰਟ ਲਗਣ ਤੋਂ ਬਾਅਦ ਘਰ ਦੇ ਹੋਰ ਮੈਂਬਰ ਉਸ ਨੂੰ ਬਚਾਉਣ ਪਹੁੰਚੇ ਪਰ ਉਹ ਵੀ ਕਰੰਟ ਦੀ ਲਪੇਟ 'ਚ ਆ ਗਏ। ਬਾਅਦ 'ਚ ਜਦੋਂ ਘਰ ਦੇ 10 ਸਾਲਾ ਬੱਚੇ ਨੇ ਇਸ ਦੀ ਜਾਣਕਾਰੀ ਗੁਆਂਢੀਆਂ ਨੂੰ ਦਿੱਤੀ ਤਦ ਇਹ ਮਾਮਲਾ ਸਾਹਮਣੇ ਆਇਆ।