ਮਣੀਪੁਰ 'ਚ ਕੁਝ ਘੰਟਿਆਂ ਲਈ ਕਰਫਿਊ 'ਚ ਢਿੱਲ, ਪਟੜੀ 'ਤੇ ਪਰਤਦਾ ਦਿਖਾਈ ਦਿੱਤਾ ਆਮ ਜਨਜੀਵਨ

05/07/2023 1:49:39 PM

ਇੰਫਾਲ- ਮਣੀਪੁਰ ਦੇ ਹਿੰਸਾ ਪ੍ਰਭਾਵਿਤ ਹਿੱਸਿਆਂ 'ਚ ਐਤਵਾਰ ਸੇਵੇਰ ਕਰਫਿਊ 'ਚ ਕੁਝ ਘੰਟਿਆਂ ਦੀ ਢਿੱਲ ਦਿੱਤੇ ਜਾਣ ਦੇ ਨਾਲ ਹੀ ਆਮ ਜਨਜੀਵਨ ਪਟੜੀ 'ਤੇ ਪਰਤਦਾ ਦਿਖਾਈ ਦਿੱਤਾ। ਉਥੇ ਹੀ ਫੌਜ ਦੇ ਡਰੋਨ ਅਤੇ ਹੈਲੀਕਾਪਟਰ ਹਵਾ 'ਚ ਗਸ਼ਤ ਲਗਾ ਕੇ ਖੇਤਰ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹਿੰਸਾ ਪ੍ਰਭਾਵਿਤ ਚੁਰਾਚਾਂਦਪੁਰ ਇਲਾਕੇ 'ਚ ਸਵੇਰੇ 7 ਵਜੇ ਤੋਂ 10 ਵਜੇ ਦੇ ਵਿਚਕਾਰ ਕਰਫਿਊ 'ਚ ਢਿੱਲ ਦਿੱਤੀ ਗਈ ਅਤੇ ਇਸ ਦੌਰਾਨ ਖਾਣ ਵਾਲਾ ਸਾਮਾਨ, ਦਵਾਈਆਂ ਅਤੇ ਹੋਰ ਜ਼ਰੂਰੀ ਸਾਮਾਨ ਖਰੀਦਣ ਲਈ ਲੋਕ ਵੱਡੀ ਗਿਣਤੀ 'ਚ ਘਰਾਂ 'ਚੋਂ ਬਾਹਰ ਨਿਕਲੇ।

ਅਧਿਕਾਰੀਆਂ ਮੁਤਾਬਕ, ਸਵਾਰੇ 10 ਵਜੇ ਕਰਫਿਊ 'ਚ ਢਿੱਲ ਦੀ ਮਿਆਦ ਖਤਮ ਹੋਣ ਤੋਂ ਬਾਅਦ ਫੌਜ ਅਤੇ ਆਸਾਮ ਰਾਈਫਲਸ ਦੇ ਜਵਾਨਾਂ ਨੇ ਸ਼ਹਿਰ 'ਚ ਫਲੈਗ ਮਾਰਚ ਕੀਤਾ। ਹਿੰਸਾ ਪ੍ਰਭਾਵਿਤ ਸੂਬੇ 'ਚ ਫੌਜ ਦੇ 120 ਤੋਂ 125 'ਕਾਲਮ' ਦੀ ਤਾਇਨਾਤੀ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਮਣੀਪੁਰ 'ਚ ਅਰਧਸੈਨਿਕ ਬਲਾਂ ਅਤੇ ਕੇਂਦਰੀ ਪੁਲਸ ਬਲਾਂ ਦੇ ਕਰੀਬ 10,000 ਜਵਾਨਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਕਿਹਾ ਕਿ ਸ਼ਾਂਤੀ ਸੰਬੰਧੀ ਪਹਿਲ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਲਈ ਹਰ ਵਿਧਾਨ ਸਭਾ ਖੇਤਰ 'ਚ ਸ਼ਾਂਤੀ ਸਮੀਤੀਆਂ ਦਾ ਗਠਨ ਕੀਤਾ ਜਾਵੇਗਾ। ਉਥੇ ਹੀ ਰੱਖਿਆ ਵਿਭਾਗ ਵੱਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਹੁਣ ਤਕ ਵੱਖ-ਵੱਖ ਭਾਈਚਾਰਿਆਂ ਦੇ ਲਗਭਗ 23,000 ਲੋਕਾਂ ਨੂੰ ਬਚਾਅ ਕੇ ਫੌਜੀ ਛਾਊਣੀਆਂ 'ਚ ਭੇਜਿਆ ਗਿਆ ਹੈ।

 

#WATCH | People come out of their houses to buy essentials during the curfew was lifted for a few hours.

Around 28-30 people have lost their lives in the violence.#ManipurViolance pic.twitter.com/Y9etOUqFRw

— ANI (@ANI) May 7, 2023

ਕਿਵੇਂ ਫੈਲੀ ਮਣੀਪੁਰ ਵਿਚ ਹਿੰਸਾ ?

ਗੌਰਤਲਬ ਹੈ ਕਿ ਮਣੀਪੁਰ ਵਿਚ ਬਹੁਗਿਣਤੀ ਮੇਇਤੀ ਭਾਈਚਾਰੇ ਵੱਲੋਂ ਅਨੁਸੂਚਿਤ ਜਨਜਾਤੀ (ਐੱਸ.ਟੀ.) ਦਾ ਦਰਜਾ ਦੇਣ ਦੀ ਮੰਗ ਦੇ ਵਿਰੋਧ ਵਿਚ ‘ਆਲ ਟ੍ਰਾਈਬਲ ਸਟੂਡੈਂਟ ਯੂਨੀਅਨ ਮਣੀਪੁਰ’ (ਏ.ਟੀ.ਐੱਸ.ਯੂ.ਐੱਮ.) ਵੱਲੋਂ ਬੁੱਧਵਾਰ ਨੂੰ ਆਯੋਜਿਤ ‘ਕਬਾਇਲੀ ਏਕਤਾ ਮਾਰਚ’ ਦੌਰਾਨ ਚੂਰਾਚੰਦਪੁਰ ਜ਼ਿਲ੍ਹੇ ਦੇ ਤੋਰਬੰਗ ਖੇਤਰ 'ਚ ਹਿੰਸਾ ਭੜਕ ਗਈ ਸੀ। ਨਗਾ ਅਤੇ ਕੁਕੀ ਸਣੇ ਹੋਰ ਆਦਿਵਾਸੀ ਭਾਈਚਾਰਿਆਂ ਵੱਲੋਂ ਇਸ ਮਾਰਚ ਦਾ ਆਯੋਜਨ ਮਣੀਪੁਰ ਹਾਈ ਕੋਰਟ ਦੁਆਰਾ ਪਿਛਲੇ ਮਹੀਨੇ ਸੂਬਾ ਸਰਕਾਰ ਨੂੰ ਮੇਇਤੀ ਭਾਈਚਾਰੇ ਦੀ ਐੱਸ.ਟੀ. ਦਰਜੇ ਦੀ ਮੰਗ 'ਤੇ ਚਾਰ ਹਫਤਿਆਂ ਦੇ ਅੰਦਰ ਕੇਂਦਰ ਨੂੰ ਇਕ ਸ਼ਿਫਾਰਿਸ਼ ਭੇਜਣ ਦਾ ਨਿਰਦੇਸ਼ ਦੇਣ ਤੋਂ ਬਾਅਦ ਕੀਤਾ ਗਿਆ ਸੀ। ਪੁਲਸ ਮੁਤਾਬਕ, ਤੋਰਬੰਗ 'ਚ ਮਾਰਚ ਦੌਰਾਨ ਹਥਿਆਰ ਫੜ੍ਹੀ ਲੋਕਾਂ ਦੀ ਭੀੜ ਨੇ ਕਥਿਤ ਤੌਰ 'ਤੇ ਮੇਇਤੀ ਭਾਈਚਾਰੇ ਦੇ ਮੈਂਬਰਾਂ 'ਤੇ ਹਮਲਾ ਕੀਤਾ। ਮੇਇਤੀ ਭਾਈਚਾਰੇ ਦੇ ਲੋਕਾਂ ਨੇ ਵੀ ਜਵਾਬੀ ਹਮਲੇ ਕੀਤੇ, ਜਿਸ ਨਾਲ ਪੂਰੇ ਸੂਬੇ 'ਚ ਹਿੰਸਾ ਫੈਲ ਗਈ।

Rakesh

This news is Content Editor Rakesh