ਰੁਆ ਦੇਵੇਗੀ ਅਮਰੀਕੀ ਲੜਕੀ ਅਤੇ ਭਾਰਤੀ ਲੜਕੇ ਦੇ ਪਿਆਰ ਦੀ ਇਹ ਕਹਾਣੀ (ਤਸਵੀਰਾਂ)

07/23/2017 1:02:21 PM

ਨਵੀਂ ਦਿੱਲੀ— ਅਮਰੀਕਾ 'ਚ ਰਹਿਣ ਵਾਲੀ ਜੇਨਿਫਰ ਅਤੇ ਗੁਜਰਾਤੀ ਲੜਕੇ ਮਯੰਕ ਦੇ ਪਿਆਰ ਦੀ ਕਹਾਣੀ ਬੇਹੱਦ ਦਿਲਚਸਪ ਹੈ। ਇਨ੍ਹਾਂ ਦੇ ਵਿਆਹ ਨੂੰ ਕਰੀਬ 4 ਸਾਲ ਹੋ ਚੁਕੇ ਹਨ। ਇਸ ਦੇ ਬਾਵਜੂਦ ਉਨ੍ਹਾਂ ਦੇ ਪਿਆਰ 'ਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਈ ਹੈ। ਬੋਰਸਦ ਸਿਟੀ 'ਚ ਰਹਿਣ ਵਾਲੇ ਮਯੰਕ ਲਖਲਾਣੀ ਨੇ ਸਾਲ 2012 'ਚ ਜੇਨਿਫਰ ਨੂੰ ਫੇਸਬੁੱਕ 'ਤੇ ਫਰੈਂਡ ਰਿਕਵੇਸਟ ਭੇਜੀ ਸੀ। ਇਸ ਤੋਂ ਬਾਅਦ ਦੋਹਾਂ ਦੀ ਗੱਲਬਾਤ ਹੋਣ ਲੱਗੀ। ਕੁਝ ਸਮੇਂ ਬਾਅਦ ਮਯੰਕ ਨੇ ਜੇਨਿਫਰ ਨੂੰ ਪ੍ਰਪੋਜ ਕੀਤਾ, ਜਿਸ ਨੂੰ ਉਸ ਨੇ ਖੁਸ਼ੀ ਨਾਲ ਸਵੀਕਾਰ ਕਰ ਲਿਆ। ਜਨਵਰੀ 2013 'ਚ ਜੇਨਿਫਰ ਬੋਰਸਦ ਆ ਪੁੱਜੀ ਅਤੇ ਭਾਰਤੀ ਰੀਤੀ-ਰਿਵਾਜ਼ਾਂ ਅਨੁਸਾਰ ਵਿਆਹ ਕਰ ਲਿਆ। 
10ਵੀਂ ਤੱਕ ਪੜ੍ਹੇ ਮਯੰਕ ਇਕ ਕਾਲ ਸੈਂਟਰ 'ਚ ਨੌਕਰੀ ਕਰਦੇ ਸਨ। ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਹਾਲਤ ਵੀ ਠੀਕ ਨਹੀਂ ਸੀ। ਵਿਆਹ ਤੋਂ ਬਾਅਦ ਜੇਨਿਫਰ ਵਾਪਸ ਅਮਰੀਕਾ ਚੱਲੀ ਗਈ। ਇਸੇ ਦੌਰਾਨ ਪਿਤਾ ਦੇ ਆਪਰੇਸ਼ਨ ਕਾਰਨ ਪਰਿਵਾਰ ਦੀ ਆਰਥਿਕ ਸਥਿਤੀ ਹੋਰ ਵਿਗੜ ਗਈ। ਜੇਨਿਫਰ ਨੇ ਮਯੰਕ ਦੇ ਪਰਿਵਾਰ ਦੀ ਮਦਦ ਲਈ ਪੈਸੇ ਵੀ ਭੇਜੇ ਪਰ ਕੁਝ ਸਮੇਂ ਬਾਅਦ ਬਾਈਕ ਚਲਾਉਂਦੇ ਸਮੇਂ ਇਕ ਸੜਕ ਹਾਦਸੇ 'ਚ ਮਯੰਕ ਦੇ ਹੱਥ-ਪੈਰ 'ਚ ਫਰੈਕਚਰ ਆਏ ਅਤੇ ਉਸ ਨੂੰ ਕਾਫੀ ਸਮੇਂ ਤੱਕ ਹਸਪਤਾਲ 'ਚ ਰਹਿਣਾ ਪਿਆ। ਮਯੰਕ ਦੇ ਇਲਾਜ ਲਈ ਪਰਿਵਾਰ ਨੂੰ ਘਰ ਵੇਚਣਾ ਪਿਆ ਅਤੇ ਕਿਰਾਏ ਦੇ ਮਕਾਨ 'ਚ ਰਹਿਣ ਦੀ ਨੌਬਤ ਆ ਗਈ। ਮਯੰਕ ਦੇ ਹਸਪਤਾਲ 'ਚ ਭਰਤੀ ਹੋਣ ਕਾਰਨ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ। ਉਦੋਂ ਜੇਨਿਫਰ ਮਯੰਕ ਦੀ ਦੇਖਭਾਲ ਲਈ ਗੁਜਰਾਤ ਆ ਗਈ। 
ਉਹ ਕਰੀਬ ਇਕ ਸਾਲ ਤੱਕ ਮਯੰਕ ਦੀ ਦੇਖਭਾਲ ਕਰਦੀ ਰਹੀ। ਹਾਲਾਂਕਿ ਅਮਰੀਕਾ ਤੋਂ ਲੰਬੇ ਸਮੇਂ ਤੱਕ ਬਾਹਰ ਰਹਿਣ ਕਾਰਨ ਜੇਨਿਫਰ ਦੀ ਨੌਕਰੀ ਚੱਲੀ ਗਈ। ਫਿਰ ਵੀ ਜੇਨਿਫਰ ਨੇ ਹਾਰ ਨਹੀਂ ਮੰਨੀ ਅਤੇ ਮਯੰਕ ਦੇ ਪਰਿਵਾਰ ਦੀ ਮਦਦ ਲਈ ਆਪਣੀ ਕਾਰ ਤੱਕ ਵੇਚ ਦਿੱਤੀ। ਸਾਰੇ ਪੈਸੇ ਖਤਮ ਹੋ ਜਾਣ ਕਾਰਨ ਉਸ ਨੂੰ 2015 'ਚ ਵਾਪਸ ਆਉਣਾ ਪਿਆ, ਜਿੱਥੇ ਫਿਰ ਉਸ ਨੇ ਨਵੀਂ ਨੌਕਰੀ ਤਲਾਸ਼ ਕੀਤੀ। ਇਨ੍ਹਾਂ ਪਰੇਸ਼ਾਨੀਆਂ ਦੇ ਬਾਵਜੂਦ ਜੇਨਿਫਰ ਨੇ ਮਯੰਕ ਦਾ ਸਾਥ ਨਹੀਂ ਛੱਡਿਆ। ਉਹ ਹੁਣ ਵੀ ਮਯੰਕ ਨੂੰ ਮਿਲਣ ਗੁਜਰਾਤ ਆਉਂਦੀ ਹੈ। ਹੁਣ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ ਅਤੇ ਮਯੰਕ ਵੀ ਠੀਕ ਹੋਣ ਤੋਂ ਬਾਅਦ ਨੌਕਰੀ ਦੀ ਤਲਾਸ਼ 'ਚ ਹੈ।