ਛੱਤੀਸਗੜ੍ਹ: CRPF ਅਤੇ ਨਕਸਲੀਆਂ ’ਚ ਮੁਕਾਬਲਾ; ਇਕ ਸਹਾਇਕ ਕਮਾਂਡੇਂਟ ਸ਼ਹੀਦ, ਜਵਾਨ ਜ਼ਖਮੀ

02/12/2022 11:58:52 AM

ਰਾਏਪੁਰ (ਭਾਸ਼ਾ)— ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲ੍ਹੇ ’ਚ ਸ਼ਨੀਵਾਰ ਨੂੰ ਨਕਸਲੀਆਂ ਨਾਲ ਮੁਕਾਬਲੇ ਵਿਚ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦਾ ਇਕ ਅਧਿਕਾਰੀ ਸ਼ਹੀਦ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਘਟਨਾ ਜ਼ਿਲ੍ਹੇ ਦੇ ਤਿੰਮਾਪੁਰ ’ਚ ਉਸ ਸਮੇਂ ਵਾਪਰੀ, ਜਦੋਂ ਸੀ. ਆਰ. ਪੀ. ਐੱਫ. ਦੀ 168ਵੀਂ ਬਟਾਲੀਅਨ ਦਾ ਇਕ ਗਸ਼ਤੀ ਦਲ ਸੜਕ ਮਾਰਗ ਖੁੱਲ੍ਹਵਾਉਣ ਅਤੇ ਸਫਾਈ ਦੀ ਡਿਊਟੀ ਲਈ ਨਿਕਲਿਆ ਸੀ।ਅਧਿਕਾਰੀਆਂ ਨੇ ਦੱਸਿਆ ਕਿ ਸਹਾਇਕ ਕਮਾਂਡੇਂਟ ਐੱਸ. ਬੀ. ਤਿਰਕੀ ਨੂੰ ਗੋਲੀ ਲੱਗੀ ਅਤੇ ਬਾਅਦ ’ਚ ਉਨ੍ਹਾਂ ਨੇ ਦਮ ਤੋੜ ਦਿੱਤਾ। ਰਾਜਧਾਨੀ ਰਾਏਪੁਰ ਤੋਂ ਕਰੀਬ 440 ਕਿਲੋਮੀਟਰ ਦੂਰ ਇਲਾਕੇ ਵਿਚ ਫਿਲਹਾਲ ਤਲਾਸ਼ੀ ਮੁਹਿੰਮ ਜਾਰੀ ਹੈ।

ਓਧਰ ਇੰਸਪੈਕਟਰ ਜਨਰਲ ਆਫ਼ ਪੁਲਸ, ਬਸਤਰ ਰੇਂਜ ਸੁੰਦਰਰਾਜ ਪੀ. ਵਲੋਂ ਜਾਰੀ ਬਿਆਨ ਮੁਤਾਬਕ ਜਦੋਂ ਨਕਸਲੀਆਂ ਨੇ ਗੋਲੀਆਂ ਚਲਾਈਆਂ ਤਾਂ ਸੀ. ਆਰ. ਪੀ. ਐੱਫ. ਬਟਾਲੀਅਨ ਸੜਕ ਸੁਰੱਖਿਆ ਡਿਊਟੀ ’ਤੇ ਸੀ। ਸੁਰੱਖਿਆ ਫੋਰਸਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਮੁਕਾਬਲਾ ਸ਼ੁਰੂ ਹੋ ਗਿਆ। ਨਕਸਲੀਆਂ ਨਾਲ ਮੁਕਾਬਲੇ ਵਿਚ ਸੀ. ਆਰ. ਪੀ. ਐੱਫ. ਦੇ ਸਹਾਇਕ ਕਮਾਂਡੇਂਟ ਐੱਸ. ਬੀ. ਤਿਰਕੀ ਸ਼ਹੀਦ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਜਦੋਂ ਗਸ਼ਤੀ ਦਲ ਰਾਏਪੁਰ ਤੋਂ 440 ਕਿਲੋਮੀਟਰ ਦੂਰ ਜੰਗਲ ’ਚ ਡੋਂਗਲ ਚਿੰਤਾ ਨਾਮੀ ਛੋਟੀ ਨਦੀ ਦੇ ਨੇੜੇ ਘੇਰਾ ਪਾ ਰਿਹਾ ਸੀ, ਤਾਂ ਉਸ ਦੇ ਉੱਪਰ ਨਕਸਲੀਆਂ ਨੇ ਭਾਰੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਦੋਹਾਂ ਪਾਸਿਓਂ ਗੋਲੀਆਂ ਚਲੀਆਂ। 

ਮਿਲੀ ਜਾਣਕਾਰੀ ਮੁਤਾਬਕ ਸਹਾਇਕ ਕਮਾਂਡੇਂਟ ਤਿਰਕੀ ਝਾਰਖੰਡ ਦੇ ਰਹਿਣ ਵਾਲੇ ਸਨ। ਨਕਸਲੀ ਹਮਲੇ ’ਚ ਜ਼ਖਮੀ ਹੋਏ ਹੋਰ ਸੁਰੱਖਿਆ ਕਰਮੀ ਦੀ ਪਹਿਚਾਣ ਅੱਪਾਰਾਵ ਦੇ ਤੌਰ ’ਤੇ ਹੋਈ ਹੈ। ਜ਼ਖਮੀ ਕਰਮੀ ਦੀ ਹਾਲਤ ਹੁਣ ਸਥਿਰ ਹੈ। ਪੁਲਸ ਨੇ ਕਿਹਾ ਕਿ ਇਲਾਕੇ ਵਿਚ ਹੋਰ ਫੋਰਸ ਭੇਜੀ ਗਈ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਅਤੇ ਸਥਿਤੀ ਕੰਟਰੋਲ ਵਿਚ ਹੈ।

Tanu

This news is Content Editor Tanu