310 ਕਿਲੋਮੀਟਰ ਪੈਦਲ ਚੱਲਣ ਤੋਂ ਬਾਅਦ ਪ੍ਰਵਾਸੀ ਮਜ਼ਦੂਰ ਦੀ ਲੂ ਲੱਗਣ ਨਾਲ ਤੇਲੰਗਾਨਾ 'ਚ ਮੌਤ

05/13/2020 11:27:21 AM

ਹੈਦਰਾਬਾਦ- ਕੋਵਿਡ-19 ਇਨਫੈਕਸ਼ਨ ਨੂੰ ਕਾਬੂ ਕਰਨ ਲਈ ਲਾਗੂ ਲਾਕਡਾਊਨ ਕਾਰਨ ਹੈਦਰਾਬਾਦ ਤੋਂ ਆਪਣੇ ਗ੍ਰਹਿ ਰਾਜ ਓਡੀਸ਼ਾ ਪੈਦਲ ਜਾ ਰਹੇ ਇਕ ਪ੍ਰਵਾਸੀ ਮਜ਼ਦੂਰ ਦੀ 310 ਕਿਲੋਮੀਟਰ ਚੱਲਣ ਤੋਂ ਬਾਅਦ ਭਦਰਾਚਲਮ 'ਚ ਲੂ ਲੱਗਣ ਨਾਲ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰਾਂ ਦਾ ਸਮੂਹ ਓਡੀਸ਼ਾ ਦੇ ਮਲਕਾਨਗਿਰੀ ਜਾਣ ਲਈ ਐਤਵਾਰ ਨੂੰ ਹੈਦਰਾਬਾਦ ਤੋਂ ਪੈਦਲ ਨਿਕਲਿਆ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਸਮੂਹ ਮੰਗਲਵਾਰ ਨੂੰ ਭਦਰਾਚਲਮ ਪਹੁੰਚਿਆ ਤਾਂ ਇਕ ਪ੍ਰਵਾਸੀ ਮਜ਼ਦੂਰ ਦੀ ਛਾਤੀ 'ਚ ਦਰਦ ਹੋਇਆ ਅਤੇ ਉਸ ਨੇ ਉਲਟੀ ਕੀਤੀ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਕੇ ਸੜਕ 'ਤੇ ਡਿੱਗ ਗਿਆ। ਉਸ ਦੇ ਦੋਸਤਾਂ ਨੇ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ, ਜਿਸ ਨੇ ਉਸ ਨੂੰ ਭਦਰਾਚਲਮ ਦੇ ਹਸਪਤਾਲ 'ਚ ਭਰਤੀ ਕਰਵਾਇਆ। ਹਸਪਤਾਲ 'ਚ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ।

ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਵਿਅਕਤੀ ਦੀ ਮੌਤ ਲੂ ਲੱਗਣ ਨਾਲ ਹੋਈ, ਕਿਉਂਕਿ ਉਸ ਦੀ ਚਮੜੀ ਅਤੇ ਮੂੰਹ ਸੁੱਕਾ ਹੋਇਆ ਸੀ। ਉਨ੍ਹਾਂ ਨੇ ਦੋਸਤਾਂ ਦੇ ਹਵਾਲੇ ਤੋਂ ਦੱਸਿਆ ਕਿ ਉਨ੍ਹਾਂ 'ਚੋਂ ਕਿਸੇ ਵੀ ਵਿਅਕਤੀ ਨੇ ਸੋਮਵਾਰ ਦੁਪਿਹਰ ਦੇ ਬਾਅਦ ਤੋਂ ਕੁਝ ਵੀ ਨਹੀਂ ਖਾਧਾ ਸੀ। ਅਧਿਕਾਰੀਆਂ ਨੇ ਵਿਅਕਤੀ ਦੇ ਪਰਿਵਾਰ ਵਾਲਿਆਂ ਨੂੰ ਉਸ ਦੀ ਮੌਤ ਦੀ ਸੂਚਨਾ ਦਿੱਤੀ ਅਤੇ ਲਾਸ਼ ਨੂੰ ਮਲਕਾਨਗਿਰੀ ਲਿਜਾਉਣ ਲਈ ਇਕ ਵਾਹਨ ਦਾ ਪ੍ਰਬੰਧ ਕੀਤਾ। ਹੈਦਰਾਬਾਦ ਅਤੇ ਭਦਰਾਚਲਮ ਦਰਮਿਆਨ ਸੜਕ ਤੋਂ ਦੂਰੀ 310 ਕਿਲੋਮੀਟਰ ਹੈ।

DIsha

This news is Content Editor DIsha