ਕੋਰੋਨਾ ਦੀ ਆਫ਼ਤ : ਯੂ. ਏ. ਈ. ਅਤੇ ਕਿਰਗਿਜ਼ਸਤਾਨ 'ਚ ਫਸੇ 306 ਭਾਰਤੀਆਂ ਦੀ ਘਰ ਵਾਪਸੀ

06/25/2020 6:21:23 PM

ਇੰਦੌਰ (ਭਾਸ਼ਾ)— ਕੋਰੋਨਾ ਵਾਇਰਸ ਦੇ ਕਹਿਰ ਕਾਰਨ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਅਤੇ ਕਿਰਗਿਜ਼ਸਤਾਨ ਵਿਚ ਲੰਬੇ ਸਮੇਂ ਤੋਂ ਫਸੇ ਕੁੱਲ 306 ਭਾਰਤੀ ਨਾਗਰਿਕ ਵੀਰਵਾਰ ਨੂੰ ਦੇਸ਼ ਪਰਤ ਆਏ। ਵੱਖ-ਵੱਖ ਜਹਾਜ਼ ਕੰਪਨੀਆਂ ਦੇ ਦੋ ਵਿਸ਼ੇਸ਼ ਜਹਾਜ਼ ਇਨ੍ਹਾਂ ਨੂੰ ਲੈ ਕੇ ਇੰਦੌਰ ਦੇ ਦੇਵੀ ਅਹਿਲਯਾਬਾਈ ਹੋਲਕਰ ਕੌਮਾਂਤਰੀ ਹਵਾਈ ਅੱਡੇ 'ਤੇ ਉਤਰੇ। ਸਿਹਤ ਮਹਿਕਮੇ ਦੀ ਸਕ੍ਰੀਨਿੰਗ ਟੀਮ ਦੇ ਮੁਖੀ ਅਬਦੁੱਲਾ ਫਾਰੂਕੀ ਨੇ ਦੱਸਿਆ ਕਿ ਏਅਰ ਅਰੇਬੀਆ ਦਾ ਵਿਸ਼ੇਸ਼ ਜਹਾਜ਼ ਸ਼ਾਰਜਹਾਂ ਭਾਰਤੀ ਸਮੇਂ ਮੁਤਾਬਕ ਸਵੇਰੇ 11:00 ਵਜੇ ਇੰਦੌਰ ਦੇ ਹਵਾਈ ਅੱਡੇ 'ਤੇ ਉਤਰਿਆ। ਉਨ੍ਹਾਂ ਨੇ ਦੱਸਿਆ ਕਿ ਯੂ. ਏ. ਈ. 'ਚ ਫਸੇ 158 ਭਾਰਤੀਆਂ ਦੀ ਇਸ ਫਲਾਈਟ ਜ਼ਰੀਏ ਦੇਸ਼ ਵਾਪਸੀ ਹੋਈ ਹੈ, ਜਿਨ੍ਹਾਂ 'ਚ ਮੱਧ ਪ੍ਰਦੇਸ਼ ਦੇ ਨਾਲ-ਨਾਲ ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਮੂਲ ਵਾਸੀ ਸ਼ਾਮਲ ਹਨ।

ਫਾਰੂਕੀ ਨੇ ਦੱਸਿਆ ਕਿ ਇਨ੍ਹਾਂ ਯਾਤਰੀਆਂ ਵਿਚ ਇੰਦੌਰ ਦੇ 66 ਲੋਕ ਸ਼ਾਮਲ ਹਨ, ਜਿਨ੍ਹਾਂ ਨੂੰ ਸ਼ਹਿਰ ਦੇ ਇਕ ਕੁਆਰੰਟੀਨ ਸੈਂਟਰ ਵਿਚ 7 ਦਿਨ ਲਈ ਭੇਜਿਆ ਗਿਆ ਹੈ। ਇਸ ਦਰਮਿਆਨ ਕੋਰੋਨਾ ਦੀ ਆਫ਼ਤ ਦੇ ਚੱਲਦੇ ਵਿਦੇਸ਼ ਵਿਚ ਫਸੇ ਭਾਰਤੀ ਨਾਗਰਿਕਾਂ ਦਾ ਇਕ ਹੋਰ ਸਮੂਹ ਦੇਸ਼ ਪਰਤਿਆ। ਹਵਾਈ ਅੱਡੇ ਦੇ ਡਾਇਰੈਕਟਰ ਅਰਯਮਾ ਸਾਨਯਾਲ ਨੇ ਦੱਸਿਆ ਕਿ ਜਹਾਜ਼ ਕੰਪਨੀ ਏਵੀਆ ਟ੍ਰੈਫਿਕ ਦੀ ਵਿਸ਼ੇਸ਼ ਫਲਾਈਟ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਤੋਂ 148 ਭਾਰਤੀਆਂ ਨੂੰ ਲੈ ਕੇ ਦੁਪਹਿਰ 1:41 ਵਜੇ ਇੰਦੌਰ ਪੁੱਜੀ। ਉਨ੍ਹਾਂ ਨੇ ਦੱਸਿਆ ਕਿ ਕਸਟਮ ਮਹਿਕਮੇ ਅਤੇ ਇਮੀਗ੍ਰੇਸ਼ਨ ਨੇ ਜਾਂਚ ਪੂਰੀ ਕਰਨ ਦੇ ਨਾਲ ਹੀ ਦੋਹਾਂ ਫਲਾਈਟਾਂ ਤੋਂ ਦੇਸ਼ ਪਰਤੇ ਯਾਤਰੀਆਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਉਨ੍ਹਾਂ ਦੇ ਸਾਮਾਨ ਨੂੰ ਰੋਗਾਣੂ ਮੁਕਤ ਕੀਤਾ ਗਿਆ। ਸਿਹਤ ਮਹਿਕਮੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿਹਤ ਦੀ ਜ਼ਰੂਰੀ ਜਾਂਚ ਤੋਂ ਬਾਅਦ ਮੱਧ ਪ੍ਰਦੇਸ਼ ਦੇ ਬਾਹਰ ਦੇ ਯਾਤਰੀਆਂ ਨੂੰ ਉਨ੍ਹਾਂ ਦੀਆਂ ਮੂਲ ਨਿਵਾਸ ਸਥਾਨਾਂ ਲਈ ਰਵਾਨਾ ਕੀਤਾ ਗਿਆ ਹੈ।

Tanu

This news is Content Editor Tanu