ਕੋਰੋਨਾ ਵਾਇਰਸ ਦੀ ਆਫਤ : ਭਾਰਤ 'ਚ 'ਕੋਰੋਨਾ' ਦੇ 85,940 ਮਾਮਲੇ, ਚੀਨ ਤੋਂ ਨਿਕਲਿਆ ਅੱਗੇ

05/16/2020 11:01:21 AM

ਨਵੀਂ ਦਿੱਲੀ (ਵਾਰਤਾ)— ਦੇਸ਼ ਵਿਚ ਕੋਰੋਨਾ ਵਾਇਰਸ (ਕੋਵਿਡ-19) ਦਾ ਕਹਿਰ ਲਗਾਤਾਰ ਜਾਰੀ ਹੈ। ਹੁਣ ਇਹ ਵਾਇਰਸ ਸਭ ਤੋਂ ਵਧੇਰੇ ਅੰਕੜਿਆਂ ਵਾਲੇ ਦੇਸ਼ਾਂ ਦੀ ਸੂਚੀ 'ਚ 11ਵੇਂ ਨੰਬਰ ਦੇ ਨਾਲ ਹੀ ਗਲੋਬਲ ਮਹਾਮਾਰੀ ਦੇ ਕੇਂਦਰ ਚੀਨ ਤੋਂ ਅੱਗੇ ਨਿਕਲ ਗਿਆ। ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 3970 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 85,940 ਹੋ ਗਈ ਹੈ ਅਤੇ ਇਸ ਦੌਰਾਨ 103 ਲੋਕਾਂ ਦੀ ਮੌਤ ਹੋਈ ਹੈ। ਇਸ ਤਰ੍ਹਾਂ ਮ੍ਰਿਤਕਾਂ ਦਾ ਅੰਕੜਾ 2752 'ਤੇ ਪਹੁੰਚ ਗਿਆ ਹੈ।

ਸਿਹਤ ਮੰਤਰਾਲਾ ਮੁਤਾਬਕ ਸ਼ਨੀਵਾਰ ਦੀ ਸਵੇਰ ਨੂੰ ਜਾਰੀ ਅੰਕੜਿਆਂ ਮੁਤਾਬਕ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਹੁਣ ਤਕ 85,940 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹੋਏ ਹਨ, ਜਦਕਿ 30,153 ਲੋਕ ਇਸ ਵਾਇਰਸ ਤੋਂ ਪੂਰੀ ਤਰ੍ਹਾਂ ਠੀਕ ਹੋਏ ਹਨ ਅਤੇ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ 'ਚੋਂ ਛੁੱਟੀ ਦੇ ਦਿੱਤੀ ਗਈ ਹੈ।

ਦੱਸ ਦੇਈਏ ਕਿ ਚੀਨ ਵਿਚ ਹੁਬੇਈ ਸੂਬੇ ਦੇ ਵੁਹਾਨ 'ਚ ਦਸੰਬਰ 2019 ਦੇ ਮੱਧ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ ਅਤੇ ਇਸ ਨੇ ਹੁਣ ਤੱਕ ਦੁਨੀਆ ਭਰ ਦੇ ਕਈ ਦੇਸ਼ਾਂ ਨੂੰ ਆਪਣੇ ਲਪੇਟ ਵਿਚ ਲੈ ਲਿਆ ਹੈ। ਚੀਨ 'ਚ ਹੁਣ ਤੱਕ 84,038 ਲੋਕ ਇਸ ਵਾਇਰਸ ਤੋਂ ਪੀੜਤ ਹੋਏ ਹਨ ਅਤੇ 4637 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੇਕਰ ਭਾਰਤ ਅਤੇ ਚੀਨ ਦੀ ਤੁਲਨਾ ਕੀਤੀ ਜਾਵੇ ਤਾਂ ਭਾਰਤ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਚੀਨ ਤੋਂ ਵੱਧ ਹੈ ਪਰ ਇੱਥੇ ਵਾਇਰਸ ਨਾਲ ਹੋਈਆਂ ਮੌਤਾਂ ਦਾ ਗ੍ਰਾਫ ਘੱਟ ਹੈ। ਚੀਨ ਵਿਚ 4637 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਭਾਰਤ ਵਿਚ ਇਹ ਗਿਣਤੀ 2752 ਹੈ।

ਦੇਸ਼ 'ਚ ਕੋਰੋਨਾ ਨਾਲ ਸਭ ਤੋਂ ਵਧੇਰੇ ਮਹਾਰਾਸ਼ਟਰ ਸੂਬਾ ਪ੍ਰਭਾਵਿਤ ਹੋਇਆ ਹੈ ਅਤੇ ਇਸ ਦੇ ਕਾਰਨ ਸੂਬੇ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਮਹਾਰਾਸ਼ਟਰ ਵਿਚ ਪਿਛਲੇ 24 ਘੰਟਿਆਂ ਵਿਚ 1576 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਇੱਥੇ ਕੁੱਲ ਪੀੜਤਾਂ ਦੀ ਗਿਣਤੀ 29,100 ਹੋ ਗਈ ਹੈ ਅਤੇ ਕੁੱਲ 1068 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 6564 ਲੋਕ ਇਸ ਵਾਇਰਸ ਨੂੰ ਮਾਤ ਦੇ ਚੁੱਕੇ ਹਨ।

Tanu

This news is Content Editor Tanu