ਦਿੱਲੀ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 14 ਹਜ਼ਾਰ ਤੋਂ ਪਾਰ, 276 ਮੌਤਾਂ

05/25/2020 3:25:27 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ 'ਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਹਾਲਾਤ ਦਿਨੋਂ-ਦਿਨ ਚਿੰਤਾਜਨਕ ਹੁੰਦੇ ਜਾ ਰਹੇ ਹਨ। ਕੋਰੋਨਾ ਦੇ 635 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਰਾਸ਼ਟਰੀ ਰਾਜਧਾਨੀ 'ਚ ਮਰੀਜ਼ਾਂ ਦੀ ਗਿਣਤੀ ਵੱਧ ਕੇ 14,053 ਹੋ ਗਈ ਹੈ। ਉੱਥੇ ਹੀ ਵਾਇਰਸ ਤੋਂ ਜਾਨ ਗਵਾਉਣ ਵਾਲਿਆਂ ਦੀ ਗਿਣਤੀ 276 ਹੈ। ਦਿੱਲੀ ਸਰਕਾਰ ਦੇ ਰੋਜ਼ਾਨਾ ਸਿਹਤ ਬੁਲੇਟਿਨ ਮੁਤਾਬਕ ਸ਼ਹਿਰ 'ਚ ਕੋਰੋਨਾ ਵਾਇਰਸ ਦੇ 7,006 ਮਰੀਜ਼ਾਂ ਦਾ ਇਲਾਜ ਹਾਲੇ ਜਾਰੀ ਹੈ ਅਤੇ 6,771 ਲੋਕ ਠੀਕ ਹੋ ਚੁੱਕੇ ਹਨ ਜਾਂ ਸ਼ਹਿਰ ਤੋਂ ਜਾ ਚੁੱਕੇ ਹਨ।

ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਲਾਕਡਾਊਨ ਪਾਬੰਦੀਆਂ 'ਚ ਢਿੱਲ ਦੇਣ ਦੇ ਬਾਵਜੂਦ ਦਿੱਲੀ 'ਚ ਕੋਰੋਨਾ ਦੀ ਸਥਿਤੀ ਕੰਟਰੋਲ ਵਿਚ ਹੈ। ਜੇਕਰ ਵਾਇਰਸ ਦੇ ਮਾਮਲੇ ਵਧਦੇ ਹਨ ਤਾਂ ਉਨ੍ਹਾਂ ਦੀ ਸਰਕਾਰ ਇਸ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਕੇਜਰੀਵਾਲ ਨੇ ਸਾਫ ਕੀਤਾ ਕਿ ਦਿੱਲੀ 'ਚ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਕੋਲ ਕੋਵਿਡ-19 ਮਰੀਜ਼ਾਂ ਲਈ 4500 ਬੈੱਡ ਹਨ ਅਤੇ ਇਨ੍ਹਾਂ 'ਚੋਂ ਸਿਰਫ 2 ਹਜ਼ਾਰ ਭਰੇ ਹਨ। ਦਿੱਲੀ 'ਚ ਅੱਜ ਤੋਂ ਪ੍ਰਾਈਵੇਟ ਹਸਪਤਾਲਾਂ ਲਈ 2 ਹਜ਼ਾਰ ਬੈੱਡ ਕੋਰੋਨਾ ਵਾਇਰਸ ਰੋਗੀਆਂ ਲਈ ਉਪਲੱਬਧ ਹੋਣਗੇ। ਉਨ੍ਹਾਂ ਨੇ ਲੋਕਾਂ ਨੂੰ ਅਲਰਟ ਵੀ ਕੀਤਾ ਕਿ ਦੇਸ਼ 'ਚੋਂ ਕੋਰੋਨਾ ਵਾਇਰਸ ਹਾਲੇ ਇੰਨੀ ਛੇਤੀ ਜਾਣ ਵਾਲਾ ਨਹੀਂ ਹੈ।

Tanu

This news is Content Editor Tanu