ਦੇਸ਼ ਦੀ ਪਹਿਲੀ ਗ੍ਰੀਨ ਹਾਈਡ੍ਰੋਜਨ ਬੱਸ ਸ਼ੁਰੂ, ਜਾਣੋ ਇਸ ਦੀ ਖ਼ਾਸੀਅਤ

09/26/2023 1:47:14 PM

ਨਵੀਂ ਦਿੱਲੀ (ਭਾਸ਼ਾ)- ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਸੋਮਵਾਰ ਨੂੰ ਗ੍ਰੀਨ ਹਾਈਡ੍ਰੋਜਨ ’ਤੇ ਚੱਲਣ ਵਾਲੀ ਦੇਸ਼ ਦੀ ਪਹਿਲੀ ਬੱਸ ਦਾ ਉਦਘਾਟਨ ਕੀਤਾ। ਆਈ. ਓ. ਸੀ. ਨਵਿਆਉਣਯੋਗ ਸਰੋਤਾਂ ਤੋਂ ਬਿਜਲੀ ਦੀ ਵਰਤੋਂ ਕਰਦੇ ਹੋਏ ਪਾਣੀ ਦੇ ਕਣਾਂ ਨੂੰ ਵੱਖ ਕਰ ਕੇ 75 ਕਿਲੋ ਹਾਈਡ੍ਰੋਜਨ ਪੈਦਾ ਕਰੇਗਾ। ਇਸ ਹਾਈਡ੍ਰੋਜਨ ਦੀ ਵਰਤੋਂ ਰਾਸ਼ਟਰੀ ਰਾਜਧਾਨੀ ’ਚ ਚੱਲਣ ਵਾਲੀਆਂ 2 ਬੱਸਾਂ ’ਚ ਪ੍ਰਯੋਗ ਦੇ ਆਧਾਰ ’ਤੇ ਕੀਤੀ ਜਾਵੇਗੀ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਹਾਈਡ੍ਰੋਜਨ ਨਾਲ ਚੱਲਣ ਵਾਲੀਆਂ ਇਨ੍ਹਾਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਹਾਈਡ੍ਰੋਜਨ ਭਾਰਤ 'ਚ ਜੈਵਿਕ ਈਂਧਨ ਦੀ ਖਪਤ ਰੋਕਣ 'ਚ ਇਕ ਪਰਿਵਰਤਨਸ਼ੀਲ ਈਂਧਨ ਦੀ ਭੂਮਿਕਾ ਨਿਭਾਏਗਾ। ਇੰਡੀਅਨ ਆਇਲ ਦਾ ਫਰੀਦਾਬਾਦ ਸਥਿਤ ਸੋਧ ਅਤੇ ਵਿਕਾਸ ਕੇਂਦਰ ਫਿਲਹਾਲ ਪ੍ਰਯੋਗਿਕ ਤੌਰ 'ਤੇ ਗ੍ਰੀਨ ਹਾਈਡ੍ਰੋਜਨ ਦਾ ਉਤਪਾਦਨ ਕਰ ਰਿਹਾ ਹੈ।

ਗ੍ਰੀਨ ਹਾਈਡ੍ਰੋਜਨ ਦੇ 30 ਕਿਲੋਗ੍ਰਾਮ ਸਮਰੱਥਾ ਵਾਲੇ ਚਾਰ ਸਿਲੰਡਰਾਂ ਨਾਲ ਲੈੱਸ ਬੱਸ 350 ਕਿਲੋਮੀਟਰ ਦੂਰੀ ਤੱਕ ਦੌੜ ਸਕਦੀ ਹੈ। ਇਨ੍ਹਾਂ ਸਿਲੰਡਰਾਂ ਨੂੰ ਭਰਨ 'ਚ 10-12 ਮਿੰਟ ਦਾ ਸਮਾਂ ਲੱਗਦਾ ਹੈ। ਈਂਧਨ ਵਜੋਂ ਹਾਈਡ੍ਰੋਜਨ ਦੇ ਇਸਤੇਮਾਲ 'ਚ ਖਾਸੀਅਤ ਇਹ ਹੈ ਕਿ ਇਸ ਨਾਲ ਸਿਰਫ਼ ਪਾਣੀ ਦੀ ਭਾਫ਼ ਹੀ ਪੈਦਾ ਹੁੰਦੀ ਹੈ। ਹਾਨੀਕਾਰਕ ਨਿਕਾਸ ਦੀ ਅਣਹੋਂਦ ਅਤੇ ਊਰਜਾ ਘਣਤਾ ਦੇ ਤਿੰਨ ਗੁਣਾ ਹੋਣ ਦੇ ਨਾਲ, ਹਾਈਡ੍ਰੋਜਨ ਇਕ ਸਾਫਡ ਅਤੇ ਵਧੇਰੇ ਕੁਸ਼ਲ ਵਿਕਲਪ ਵਜੋਂ ਉੱਭਰ ਰਿਹਾ ਹੈ। ਪੈਟਰੋਲੀਅਮ ਮੰਤਰੀ ਨੇ ਕਿਹਾ ਕਿ ਸਾਲ 2023 ਦੇ ਅੰਤ ਤੱਕ ਇੰਡੀਅਨ ਆਇਲ ਹਾਈਡ੍ਰੋਜਨ ਨਾਲ ਚੱਲਣ ਵਾਲੀਆਂ ਬੱਸਾਂ ਦੀ ਗਿਣਤੀ ਵਧਾ ਕੇ 15 ਤੱਕ ਲੈ ਜਾਵੇਗੀ। ਪੁਰੀ ਨੇ ਕਿਹਾ,“ਸਾਡੀ ਸਰਕਾਰ ਕੋਲ ਸਵੱਛ ਅਤੇ ਗ੍ਰੀਨ ਊਰਜਾ ਬਾਰੇ ਅਭਿਲਾਸ਼ੀ ਯੋਜਨਾਵਾਂ ਹਨ। ਭਾਰਤ ਨੇ ਹਾਈਡ੍ਰੋਜਨ ਅਤੇ ਬਾਇਓਫਿਊਲ ਵਰਗੇ ਨਵੇਂ ਈਂਧਨ ਰਾਹੀਂ ਘੱਟ ਕਾਰਬਨ ਦੇ ਵਿਕਲਪਾਂ ਵੱਲ ਕਈ ਕਦਮ ਚੁੱਕੇ ਹਨ।''

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

DIsha

This news is Content Editor DIsha