ਥੁੱਕਣ ਨਾਲ ਵੀ ਫੈਲ ਸਕਦੈ ਕੋਰੋਨਾ ਵਾਇਰਸ : ਸਿਹਤ ਮੰਤਰਾਲਾ

04/05/2020 4:40:51 PM

ਨਵੀਂ ਦਿੱਲੀ— ਦੇਸ਼ 'ਚ ਕੋਰੋਨਾ ਵਾਇਰਸ ਦੇ ਹਾਲਾਤ ਨੂੰ ਲੈ ਕੇ ਸਿਹਤ ਅਤੇ ਪਰਿਵਾਰ ਕਲਿਆਣਾ ਮੰਤਰਾਲਾ ਨੇ ਰੋਜ਼ਾਨਾ ਵਾਂਗ ਐਤਵਾਰ ਭਾਵ ਅੱਜ ਵੀ ਪ੍ਰੈੱਸ ਕਾਨਫਰੰਸ ਕੀਤੀ। ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਦੇਸ਼ 'ਚ ਕੋਰੋਨਾ ਵਾਇਰਸ ਦੇ ਕੁੱਲ 3374 ਕੇਸ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਤੋਂ ਹੁਣ ਤਕ 267 ਲੋਕ ਠੀਕ ਹੋ ਗਏ ਹਨ। 24 ਘੰਟਿਆਂ ਦੇ ਅੰਦਰ 472 ਨਵੇਂ ਕੇਸ ਸਾਹਮਣੇ ਆਏ ਹਨ ਅਤੇ 11 ਲੋਕਾਂ ਦੀ ਮੌਤ ਹੋਈ। ਉਨ੍ਹਾਂ ਕਿਹਾ ਕਿ ਦੇਸ਼ ਭਰ 'ਚ ਹੁਣ ਤਕ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 79 ਹੋ ਗਈ ਹੈ।  

ਲਵ ਅਗਰਵਾਲ ਨੇ ਕਿਹਾ ਕਿ ਭਾਰਤ ਦੇ 274 ਜ਼ਿਲੇ ਕੋਰੋਨਾ ਵਾਇਰਸ ਦੀ ਲਪੇਟ 'ਚ ਹਨ। ਜਨਤਕ ਥਾਵਾਂ 'ਤੇ ਥੁੱਕਣ ਨਾਲ ਵੀ ਕੋਰੋਨਾ ਵਾਇਰਸ ਦਾ ਖਤਰਾ ਵਧ ਸਕਦਾ ਹੈ। ਇਸ ਲਈ ਜਨਤਕ ਥਾਵਾਂ 'ਤੇ ਥੁੱਕਣ ਤੋਂ ਪਰਹੇਜ਼ ਕਰੋ। ਉਨ੍ਹਾਂ ਇਹ ਵੀ ਸਾਫ ਕੀਤਾ ਕਿ ਹਵਾ 'ਚ ਇਹ ਇਨਫੈਕਸ਼ਨ ਨਹੀਂ ਫੈਲਦਾ। ਤਬਲੀਗੀ ਜਮਾਤ ਦੀ ਘਟਨਾ ਨਾਲ ਕੋਰੋਨਾ ਦੇ ਕੇਸ ਵਧੇ ਹਨ। ਉਨ੍ਹਾਂ ਕਿਹਾ ਕਿ ਜੇਕਰ ਤਬਲੀਗੀ ਜਮਾਤ ਮਾਮਲਾ ਨਹੀਂ ਹੁੰਦਾ ਤਾਂ ਦੁੱਗਣੇ ਮਾਮਲੇ ਹੋਣ 'ਚ 7.4 ਦਿਨ ਦਾ ਸਮਾਂ ਲੱਗਦਾ। ਕੋਵਿਡ-19 ਦੇ ਮਾਮਲੇ ਮੌਜੂਦਾ ਸਮੇਂ 'ਚ 4.1 ਦਿਨਾਂ 'ਚ ਦੁੱਗਣੇ ਹੋ ਗਏ ਹਨ। ਦਿੱਲੀ ਤੋਂ ਲੈ ਕੇ ਮਹਾਰਾਸ਼ਟਰ ਤਕ ਕੋਰੋਨਾ ਦੇ ਮਾਮਲਿਆਂ 'ਚ ਰਫਤਾਰ ਵਧੀ ਹੈ। ਸਮਾਜਿਕ ਦੂਰੀ ਅਤੇ ਲਾਕਡਾਊਨ ਦਾ ਪਾਲਣ ਹੀ ਕੋਰੋਨਾ ਵਾਇਰਸ ਨੂੰ ਹਰਾਉਣ 'ਚ ਸਫਲ ਹੋ ਸਕਦਾ ਹੈ। ਲਾਕਡਾਊਨ ਨੂੰ ਸਫਲ ਬਣਾਉਣਲਈ ਸਰਕਾਰ ਪ੍ਰਭਾਵੀ ਤਰੀਕੇ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਰਾਤ 9 ਵਜੇ 9 ਮਿੰਟ ਆਪਣੇ-ਆਪਣੇ ਘਰਾਂ 'ਚ ਦੀਵਾ, ਮੋਮਬੱਤੀ ਜਾਂ ਟਾਰਚ ਜਗਾ ਕੇ ਉਨ੍ਹਾਂ ਯੋਧਿਆਂ ਦੀ ਹੌਂਸਲਾ ਅਫਜ਼ਾਈ ਕਰੋ, ਜੋ ਕਿ ਇਸ ਲੜਾਈ 'ਚ ਡਟੇ ਹੋਏ ਹਨ।

Tanu

This news is Content Editor Tanu